Welcome


Welcome to Punjabi Studies ਪੰਜਾਬੀ ਅਧਿਐਨ ਵਲੋਂ ਤੁਹਾਡਾ ਸਵਾਗਤ ਹੈ।

ਇਸ ਬਲਾਗ ਉੱਤੇ ਪੰਜਾਬੀ ਸਾਹਿਤਅ, ਸਭਿਆਚਾਰ ਅਤੇ ਲੋਕਧਾਰਾ ਨਾਲ
ਸੰਬੰਧਿਤ ਸਿਧਾਂਤਕ ਅਤੇ ਵਿਹਾਰਕ ਲੇਖ ਪੋਸਟ ਕੀਤੇ ਜਾਣਗੇ।
ਇਸ ਮੰਤਵ ਲਈ ਬਲਾਗ ਦੇ ਵਿਭਿੰਨ ਪੰਨੇ ਨਿਰਧਾਰਿਤ ਕੀਤੇ ਗਏ ਹਨ।
ਸੰਬੰਧਿਤ ਪੰਨੇ ਉੱਤੇ ਕਲਿਕ ਕਰੋ।

Gurbani Studies


(1) ਸਭਿਆਚਾਰਕ ਕ੍ਰਾਂਤੀ ਅਤੇ ਮੁਕਤੀ ਦਾ ਪ੍ਰਵਚਨ : ਗੁਰੂ ਗ੍ਰੰਥ ਸਾਹਿਬ
ਜਗਬੀਰ ਸਿੰਘ

            ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ ਦਾ ਪਾਵਨ ਗ੍ਰੰਥ ਹੋਣ ਦੇ ਨਾਲ ਨਾਲ, ਮੱਧਕਾਲੀਨ ਭਾਰਤ ਦੀ ਮਹੱਤਵਯੋਗ ਸਾਹਿੱਤਕ ਅਤੇ ਸਭਿਆਚਾਰਕ ਟੈਕਸਟ ਵੀ ਹੈਅੱਜ ਤੋਂ ਚਾਰ ਸੌ ਸਾਲ ਪਹਿਲਾਂ ਗੁਰੂ ਅਰਜਨ ਦੇਵ ਦੁਆਰਾ ਰਚੇ ਗਏ ਇਸ ਮਹਾਂ-ਗ੍ਰੰਥ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਉਂਤਬੱਧ ਢੰਗ ਨਾਲ ਸੰਕਲਿਤ ਅਤੇ ਸੰਪਾਦਿਤ ਰਚਨਾ ਹੈਇਸ ਵਿਚ ਸਿੱਖ ਗੁਰੂ-ਵਿਅਕਤੀਆਂ ਦੀ ਬਾਣੀ ਤੋਂ ਇਲਾਵਾ ਭਾਰਤੀ ਉਪ-ਮਹਾਂਦੀਪ ਦੇ ਭਿੰਨ-ਭਿੰਨ ਭੂਗੋਲਿਕ ਖਿੱਤਿਆਂ, ਖੇਤਰੀ ਸਭਿਆਚਾਰਾਂ, ਧਰਮ-ਸੰਪ੍ਰਦਾਵਾਂ ਅਤੇ ਜਾਤ-ਬਰਾਦਰੀਆਂ ਨਾਲ ਸੰਬੰਧਿਤ ਪ੍ਰਮੁੱਖ ਸੰਤਾਂ, ਭਗਤਾਂ ਅਤੇ ਸੂਫ਼ੀ ਸੰਤ ਬਾਬਾ ਫ਼ਰੀਦ ਦੀ ਬਾਣੀ ਵੀ ਸ਼ਾਮਿਲ ਹੈ, ਜੋ ਇਸ ਨੂੰ ਸਰਬ-ਭਾਰਤੀ ਅਤੇ ਅਦੁੱਤੀ ਮਹੱਤਵ ਪ੍ਰਦਾਨ ਕਰਦੀ ਹੈਸੱਚ ਤਾਂ ਇਹ ਹੈ ਕਿ ਇਸਦੀ ਸਿਰਜਣਾ ਤੇ ਸੰਕਲਪਨਾ ਦੇ ਪਿਛੋਕੜ ਵਿਚ ਇਕ ਅਜਿਹੀ ਉਦਾਰ ਮਾਨਵਵਾਦੀ ਵਿਸ਼ਵ-ਦ੍ਰਿਸ਼ਟੀ ਕਾਜਸ਼ੀਲ ਨਜ਼ਰ ਆਉਂਦੀ ਹੈ ਜੋ ਧਾਰਮਿਕ ਸਹਿਨਸ਼ੀਲਤਾ ਅਤੇ ਸਭਿਆਚਾਰਕ ਸੁਮੇਲ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ ਅਤੇ ਭਿੰਨਤਾਵਾਂ ਦਾ ਆਦਰ ਕਰਨਾ ਸਿਖਾਉਂਦੀ ਹੈਸਿੱਖ ਸੰਸਥਾ ਦੇ ਅੰਤਰਗਤ ਇਸ ਪਾਵਨ ਗ੍ਰੰਥ ਵਿਚ ਸ਼ਾਮਿਲ ਸਮੁੱਚੀ ਬਾਣੀ ਨੂੰ ਗੁਰਬਾਣੀ ਵਜੋਂ ਮਾਨਤਾ ਪ੍ਰਾਪਤ ਹੈਮਹੱਤਵਪੂਰਣ ਗੱਲ ਇਹ ਹੈ ਕਿ 12ਵੀਂ ਸਦੀ ਈਸਵੀ ਤੋਂ ਲੈਕੇ 17ਵੀਂ ਸਦੀ ਈਸਵੀ ਦੇ ਲੰਮੇ ਵਿਸਤਾਰ ਵਿਚ ਫੈਲੀ ਹੋਈ ਇਸ ਸਮੁੱਚੀ ਰਚਨਾ ਵਿਚ ਮਾਨਵੀ ਸਰੋਕਾਰਾਂ ਦੀ ਡੂੰਘੀ ਸਮਾਨਤਾ ਦ੍ਰਿਸ਼ਟੀਗੋਚਰ ਹੁੰਦੀ ਹੈਅਸਲ ਵਿਚ ਮਨੁੱਖੀ ਜੀਵਨ, ਜਗਤ ਅਤੇ ਯਥਾਰਥ ਬਾਰੇ ਇਸਦਾ ਸਮਾਨ ਦ੍ਰਿਸ਼ਟੀਕੋਣ ਹੀ ਇਸਦੀ ਅੰਦਰੂਨੀ ਏਕਤਾ ਅਤੇ ਵਿਚਾਰਧਾਰਾਈ ਇਕਸੁਰਤਾ ਦਾ ਲਖਾਇਕ ਹੈ ਜਿਸਦੇ ਸਾਮ੍ਹਣੇ ਇਸਦੇ ਸਮੂਹ ਖੇਤਰੀ, ਭਾਸ਼ਾਈ ਅਤੇ ਸਭਿਆਚਾਰਕ ਵਖਰੇਵੇਂ ਮਹੱਤਵਹੀਣ ਹੋ ਨਿਬੜਦੇ ਹਨ
             ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਵਿਸ਼ੇਸ਼ਤਾ ਇਹ ਹੈ ਕਿ ਇਸਦਾ ਜਿਤ ਪ੍ਰਵਚਨ ਸ਼ਾਇਰੀ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਪਾਠਕ / ਸਰੋਤੇ ਨੂੰ ਸੰਬੋਧਿਤ ਹੁੰਦਾ ਹੈ ਅਤੇ ਮਾਨਵੀ ਸਰੋਕਾਰਾਂ ਬਾਰੇ ਨਵੀਂ ਚੇਤਨਾ ਜਗਾਉਂਦਾ ਹੈਜ਼ਾਹਰਾ ਤੌਰ ਤੇ ਭਾਵੇਂ ਇਹ ਰਚਨਾ ਦਾਰਸ਼ਨਿਕ ਚਿੰਤਨ ਨਾਲ ਸੰਬੰਧਿਤ ਹੈ ਪਰ ਤਾਂ ਵੀ ਇਹ ਦਰਸ਼ਨ-ਸ਼ਾਸਤਰ ਦੀ ਸੂਤਰ ਸ਼ੈਲੀ ਵਿਚ ਵਿਚਾਰਾਂ ਅਤੇ ਸੰਕਲਪਾਂ ਦਾ ਅਮੂਰਤ ਸੰਗਠਨ ਨਹੀਂ ਉਸਾਰਦੀ ਸਗੋਂ ਧਾਰਮਿਕ ਅਨੁਭਵ ਅਤੇ ਬੋਧ ਦਾ ਪ੍ਰਤੀਕਾਤਮਕ ਪ੍ਰਗਟਾਵਾ ਕਰਨ ਵਲ ਰੁਚਿਤ ਹੰਦੀ ਹੈਰਾਗ ਦਾ ਸਰੋਦੀ ਮਾਹੌਲ, ਕਾਵਿ-ਸਿਰਜਣ ਦੀਆਂ ਪ੍ਰਗਟਾਉ-ਵਿਧੀਆਂ, ਸ਼ੈਲੀਗਤ ਜੁਗਤਾਂ, ਅਤੇ ਛੰਦ-ਪ੍ਰਬੰਧ ਦੀਆਂ ਬੰਦਸ਼ਾਂ ਇਸ ਰਚਨਾ ਨੂੰ ਵਿਲੱਖਣ ਚਰਿਤਰ ਪ੍ਰਦਾਨ ਕਰਦੀਆਂ ਹਨ
            ਇਸ ਪਾਵਨ-ਗ੍ਰੰਥ ਦੀ ਦੂ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਸਮੂਹ ਬਾਣੀਕਾਰ ਮੱਧਕਾਲੀਨ ਭਾਰਤ ਦੇ ਉਨ੍ਹਾਂ ਕ੍ਰਾਂਤੀਕਾਰੀ ਧਰਮ-ਪ੍ਰਵਰਤਕਾਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਜਿਤ ਪ੍ਰਵਚਨ ਰਾਹੀਂ ਧਰਮ, ਸਮਾਜ ਅਤੇ ਸਭਿਆਚਾਰ ਦੇ ਖੇਤਰ ਵਿਚ ਨਵ-ਜਾਗ੍ਰਿਤੀ ਦੀ ਲਹਿਰ ਨੂੰ ਸੰਗਠਿਤ ਕਰਨ ਦਾ ਉਪਰਾਲਾ ਕੀਤਾਸਮਕਾਲੀਨ ਭਾਰਤੀ ਇਤਿਹਾਸਕਾਰਾਂ ਨੇ ਇਸਦੀ ਨਿਸ਼ਾਨਦੇਹੀ ਭਗਤੀ ਲਹਿਰ ਦੇ ਰੂਪ ਵਿਚ ਕੀਤੀ ਹੈਸਭਿਆਚਾਰਕ ਨਵ-ਜਾਗ੍ਰਿਤੀ ਦੀ ਇਸ ਲਹਿਰ ਨੇ ਧਰਮ ਦੇ ਰੂਹਾਨੀ ਅਰਥਾਂ ਨੂੰ ਉਜਾਗਰ ਕਰਦਿਆਂ ਸਾਂਝ ਅਤੇ ਸੁਮੇਲ ਉੱਤੇ ਬਲ ਦੇਣ ਵਾਲੀ ਉਦਾਰ ਮਾਨਵਵਾਦੀ ਭਾਵਨਾ ਦਾ ਪ੍ਰਸਾਰ ਕੀਤਾਇਸਤੋਂ ਇਲਾਵਾ ਇਸ ਲਹਿਰ ਨੇ ਤੱਤਕਾਲੀਨ ਸਥਾਪਿਤ ਵਿਵਸਥਾ ਦੇ ਦਮਨਕਾਰੀ ਤੰਤਰ ਅਤੇ ਪ੍ਰਚੱਲਤ ਰੂੜ੍ਹੀਵਾਦੀ ਸੰਸਥਾਵਾਂ ਦੇ ਮਾਨਵ-ਵਿਰੋਧੀ ਸੰਗਠਨਾਂ ਨੂੰ ਵੰਗਾਰਦਿਆਂ ਪੀੜਿਤ ਲੋਕਾਈ ਦੇ ਮਨ ਵਿਚ ਆਜ਼ਾਦੀ ਦਾ ਸੁਪਨਾ ਜਗਾਇਆਸਮਕਾਲੀ ਮੁਹਾਵਰੇ ਅਨੁਸਾਰ, ਇਸ ਪਾਵਨ ਗ੍ਰੰਥ ਨੂੰ ਹਾਕਮ ਸ਼੍ਰੇਣੀ ਅਤੇ ਸਥਾਪਿਤ ਵਿਵਸਥਾ ਦੇ ਦਮਨਕਾਰੀ ਸ਼ਕਤੀ-ਪ੍ਰਵਚਨ ਨਾਲ ਸੰਵਾਦ ਰਚਾਉਣ ਵਾਲੇ ਮੁਕਤੀ-ਪ੍ਰਵਚਨ ਦਾ ਪ੍ਰਤੀਕ ਮੰਨਿਆਂ ਜਾ ਸਕਦਾ ਹੈਇਸ ਤਰ੍ਹਾਂ ਇਹ ਮਾਨਵਜਾਤੀ ਦੇ ਅਵਚੇਤਨ ਵਿਚ ਵਸਦੀ ਉਸ ਸਦੀਵੀ ਲੋਚਾ ਨੂੰ ਮੂਰਤੀਮਾਨ ਕਰਦਾ ਹੈ ਜੋ ਹਰ ਕਿਸਮ ਦੇ ਜ਼ੁਲਮ, ਤਸ਼ੱਦਦ, ਦਮਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਵਿਦਰੋਹ  ਬਣ ਕੇ ਉਜਾਗਰ ਹੁੰਦੀ ਹੈਇਕ ਪਾਸੇ ਇਹ ਮਨੱਖੀ ਜੀਵਨ ਦੀ ਨੈਤਿਕ ਅਤੇ ਅਧਿਆਤਮਕ ਅਗਵਾਈ ਦਾ ਸਦੀਵੀ ਪ੍ਰੇਰਣਾ-ਸਰੋਤ ਬਣਦਾ ਹੈ ਤਾਂ ਦੂਜੇ ਪਾਸੇ ਇਹ ਸਾਮਾਜਿਕ ਸੰਸਥਾਵਾਂ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕ੍ਰਾਂਤੀਕਾਰੀ ਪ੍ਰਵਚਨ ਦਾ ਨਿਰਮਾਨ ਵੀ ਕਰਦਾ ਹੈਗੁਰਬਾਣੀ ਦਾ ਇਹ ਕ੍ਰਾਂਤੀਕਾਰੀ ਪ੍ਰਵਚਨ ਮੱਧਕਾਲੀਨ ਭਾਰਤੀ ਸਮਾਜ-ਸਭਿਆਚਾਰ ਦੇ ਇਤਿਹਾਸਕ ਯਥਾਰਥ ਨਾਲ ਸੰਵਾਦ ਰਚਾਉਂਦਾ ਹੈ ਅਤੇ ਮੂਲ-ਮਾਨਵੀ ਸਰੋਕਾਰਾਂ ਨੂੰ ਪੁਨਰ-ਪਰਿਭਾਸ਼ਿਤ ਕਰਨ ਵਲ ਰੁਚਿਤ ਹੁੰਦਾ ਹੈ
            ਨਵ-ਜਾਗ੍ਰਿਤੀ ਦੀ ਇਸ ਲਹਿਰ ਨੂੰ ਉਸਾਰਨ ਵਿਚ ਸੰਤਾਂ, ਭਗਤਾਂ ਅਤੇ ਗੁਰੂ-ਵਿਅਕਤੀਆਂ ਦਾ ਯੋਗਦਾਨ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈਇਨ੍ਹਾਂ ਮੱਧਕਾਲੀਨ ਧਰਮ-ਪ੍ਰਵਰਤਕਾਂ ਨੇ ਆਪਣੀ ਬਾਣੀ ਅਤੇ ਕਲਾਮ ਰਾਹੀਂ ਸਭਿਆਚਾਰਕ ਕ੍ਰਾਂਤੀ ਅਤੇ ਮਾਨਵ-ਮੁਕਤੀ ਦਾ ਅਜਿਹਾ ਸੰਦੇਸ਼ ਸੰਚਾਰਿਤ ਕੀਤਾ ਜਿਸਨੂੰ ਮਨੁੱਖੀ ਹੋਂਦ ਦੀ ਗੌਰਵਮਈ ਪ੍ਰਾਪਤੀ ਮੰਨਿਆਂ ਜਾ ਸਕਦਾ ਹੈਪ੍ਰਸ਼ਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਸਭਿਆਚਾਰਕ ਕ੍ਰਾਂਤੀ ਅਤੇ ਮਾਨਵ-ਮੁਕਤੀ ਦਾ ਜੋ ਸੰਦੇਸ਼ ਸੰਚਾਰਿਤ ਕੀਤਾ ਹੈ ਉਸਦਾ ਸਰੂਪ ਅਤੇ ਸੁਭਾ ਕਿਹੋ ਜਿਹਾ ਹੈ? ਅਤੇ ਇਸਦੀ ਵਰਤਮਾਨ ਸੰਦਰਭ ਵਿਚ ਕੀ ਸਾਰਥਕਤਾ ਅਤੇ ਪ੍ਰਾਸੰਗਿਕਤਾ ਹੈ?
            ਇਤਿਹਾਸਕ ਦ੍ਰਿਸ਼ਟੀ ਤੋਂ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਸਿਰਜਣ-ਕਾਲ ਭਾਰਤ ਵਿਚ ਇਸਲਾਮੀ ਸਭਿਆਚਾਰ ਦੇ ਪ੍ਰਵੇਸ਼ ਦਾ ਦੌਰ ਹੈਭਾਰਤ ਦੀ ਉੱਤਰ-ਪੱਛਮੀ ਸੀਮਾ ਵਲੋਂ ਹਮਲਾਵਰ ਦੇ ਰੂਪ ਵਿਚ ਪ੍ਰਵੇਸ਼ ਕਰਨ ਵਾਲੇ ਇਸ ਸਭਿਆਚਾਰ ਨੇ ਪਹਿਲੋਂ ਪਹਿਲ ਪੰਜਾਬ ਅਤੇ ਉਸਦੇ ਨਾਲ ਲਗਦੇ ਇਲਾਕਿਆਂ ਨੂੰ ਨਿਰੰਤਰ ਹਮਲਿਆਂ ਰਾਹੀਂ ਧਾੜਵੀ ਲੁੱਟ-ਖਸੁੱਟ ਦਾ ਸ਼ਿਕਾਰ ਬਣਾਇਆਇਥੇ ਖ਼ਾਸ ਤੌਰ ਤੇ ਮਹਿਮੂਦ ਗ਼ਜ਼ਨਵੀ ਅਤੇ ਮੁਹੰਮਦ ਗ਼ੌਰੀ ਵਰਗੇ ਹਮਲਾਵਰਾਂ ਦੀਆਂ ਮੁਹਿੰਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈਇਨ੍ਹਾਂ ਉਪਰੋਥਲੀ ਹਮਲਿਆਂ ਨੇ ਆਪਸ ਵਿਚ ਪਾਟੋ-ਧਾੜ ਹੋਏ ਰਾਜਪੂਤ ਸ਼ਾਸਕਾਂ ਦੀ ਸੈਨਿਕ ਸ਼ਕਤੀ ਨੂੰ ਨਸ਼ਟ ਕਰਕੇ ਭਾਰਤ ਵਿਚ ਇਸਲਾਮੀ ਹਕੂਮਤ ਦਾ ਰਾਹ ਪੱਧਰਾ ਕਰ ਦਿੱਤਾਆਖ਼ਿਰਕਾਰ ਇਕ ਹਜ਼ਾਰ ਈਸਵੀ ਦੇ ਲਾਗੇ ਚਾਗੇ ਇਨ੍ਹਾਂ ਹਮਲਾਵਰਾਂ ਨੇ ਭਾਰਤ ਵਿਚ ਆਪਣੀ ਸਲਤਨਤ ਕਾਇਮ ਕਰ ਲਈਪਹਿਲੋਂ ਪੰਜਾਬ ਵਿਚ ਅਤੇ ਫੇਰ ਦਿੱਲੀ ਅਤੇ ਉਸ ਤੋਂ ਪਾਰਲੇ ਇਲਾਕਿਆਂ ਨੂੰ ਇਸ ਸਲਤਨਤ ਵਿਚ ਸ਼ਾਮਿਲ ਕਰ ਲਿਆ ਗਿਆ1526 ਈਸਵੀ ਵਿਚ ਬਾਬਰ ਦੇ ਹਮਲੇ ਤੋਂ ਬਾਦ ਇਥੇ ਚਿਰਸਥਾਈ ਮੁਗ਼ਲ ਹਕੂਮਤ ਕਾਇਮ ਹੋ ਗਈ ਜਿਸਦਾ ਦੌਰ ਉੱਨੀਂਵੀ ਸਦੀ ਦੇ ਅੱਧ ਤਕ ਜਾਰੀ ਰਹਿੰਦਾ ਹੈ
            ਮੁਸਲਿਮ ਸ਼ਾਸਨ ਦੌਰਾਨ ਇਸਦੇ ਕਈ ਹਾਕਮਾਂ ਦੀ ਕੱਟੜ ਮਜ਼੍ਹਬੀ ਨੀਤੀ ਕਾਰਨ ਗ਼ੈਰ-ਮੁਸਲਿਮ ਪਰਜਾ ਨੂੰ ਅਨੇਕਾਂ ਵਾਰੀ ਆਪਣੇ ਪੂਜਾਸਥਾਨਾਂ ਦੀ ਬੇ-ਹੁਰਮਤੀ, ਜਬਰੀ ਧਰਮ-ਪਰਿਵਰਤਨ ਅਤੇ ਜਜ਼ੀਏ ਵਰਗੀਆਂ ਅਪਮਾਨਜਨਕ ਕਾਰਵਾਈਆਂ ਦਾ ਸਾਮ੍ਹਣਾ ਕਰਨਾ ਪਿਆਇਸ ਤਰ੍ਹਾਂ ਮੁਸਲਿਮ ਸ਼ਾਸਕਾਂ ਅਤੇ ਗ਼ੈਰ-ਮੁਸਲਿਮ ਪਰਜਾ ਵਿਚਕਾਰ ਬੇ-ਭਰੋਸਗੀ ਅਤੇ ਅਲਗਾਉ ਦੀ ਭਾਵਨਾ ਫੈਲਦੀ ਗਈਪਰ ਇਸੇ ਦੌਰਾਨ ਹੀ ਭਾਰਤ ਵਿਚ ਮੁਸਲਿਮ ਸੂਫ਼ੀ ਫ਼ਕੀਰਾਂ ਦਾ ਆਗਮਨ ਵੀ ਹੋਇਆ ਜਿਨ੍ਹਾਂ ਨੇ ਕੁਰਾਨਫ਼ ਦੇ ਅੰਦਰੂਨੀ / ਅਧਿਆਤਮਕ (ਬਾਤਨ) ਅਰਥਾਂ ਦੀ ਤਲਾਸ਼ ਰਾਹੀਂ ਇਸਲਾਮ ਦੀ ਰਹੱਸਵਾਦੀ ਵਿਆਖਿਆ ਦਾ ਮੁੱਢ ਬੰਨ੍ਹਿਆਂ ਅਤੇ ਬੰਦੇ ਅਤੇ ਖ਼ੁਦਾ ਦੀ ਰੂਹਾਨੀ ਏਕਤਾ ਅਤੇ ਅਭੇਦਤਾ (ਤਸੱਵੁਫ਼) ਉੱਪਰ ਬਲ ਦਿੱਤਾਸੂਫ਼ੀਆਂ ਦੀ ਜੀਵਨ-ਵਿਧੀ ਅਤੇ ਵਿਚਾਰਧਾਰਾ ਸ਼ਰ੍ਹਈ ਇਸਲਾਮ ਦੀ ਕੱਟੜਤਾ ਦੇ ਵਿਰੋਧ ਵਿਚ ਉਦਾਰ-ਮਾਨਵਵਾਦੀ ਭਾਵਨਾ ਦੀ ਲਖਾਇਕ ਸੀ
            ਇਸੇ ਹੀ ਸਮੇਂ ਭਾਰਤ ਵਿਚ ਸਭਿਆਚਾਰਕ ਨਵ-ਜਾਗ੍ਰਿਤੀ ਦੀ ਇਕ ਸ਼ਕਤੀਸ਼ਾਲੀ ਲਹਿਰ ਦਾ ਉਭਾਰ ਸਾਮ੍ਹਣੇ ਆਉਂਦਾ ਹੈ ਜਿਸਨੂੰ ਇਤਿਹਾਸਕਾਰਾਂ ਨੇ ਭਗਤੀ-ਲਹਿਰ ਦਾ ਨਾਮ ਦਿੱਤਾ ਹੈਇਸ ਲਹਿਰ ਨੂੰ ਮੱਧਕਾਲੀਨ ਭਾਰਤ ਦੀ ਸੱਭ ਤੋਂ ਮਹੱਤਵਪੂਰਣ ਘਟਨਾ ਮੰਨਿਆਂ ਜਾ ਸਕਦਾ ਹੈਇਸ ਲਹਿਰ ਨੇ ਹਿੰਦੂ ਧਾਰਮਿਕ ਵਿਰਸੇ ਦੀ ਪੁਨਰ-ਵਿਆਖਿਆ ਕਰਦਿਆਂ ਜਾਤੀ-ਪ੍ਰਥਾ, ਕਰਮਕਾਂਡ ਅਤੇ ਆਡੰਬਰ-ਯੁਕਤ ਸਾਧਨਾ ਨੂੰ ਰੱਦ ਕਰਕੇ ਪ੍ਰੇਮਾ-ਭਗਤੀ ਦਾ ਰੂਹਾਨੀ ਮਾਰਗ ਸੁਝਾਇਆ ਜਿਸਨੂੰ ਹਰ ਕੋਈ ਆਪਣਾ ਸਕਦਾ ਸੀਇਸ ਤੋਂ ਇਲਾਵਾ ਭਗਤੀ ਲਹਿਰ ਦੇ ਸੰਤਾਂ ਅਤੇ ਭਗਤਾਂ ਨੇ ਦਸ਼ਿਤ ਅਤੇ ਦਮਨ ਦੀ ਸ਼ਿਕਾਰ ਲੋਕਾਈ ਦੇ ਹਾਰੇ ਹੋਏ ਮਨੋਬਲ ਨੂੰ ਉੱਚਾ ਕਰਨ ਵਿਚ ਵੀ ਸਹਾਇਤਾ ਕੀਤੀਸਿੱਖ-ਲਹਿਰ ਨੂੰ ਇਸ ਮੱਧਕਾਲੀਨ ਭਗਤੀ ਲਹਿਰ ਦਾ ਸਿਖਰ ਮੰਨਿਆਂ ਜਾ ਸਕਦਾ ਹੈ ਜਿਸਨੇ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਰੂਪ ਵਿਚ ਇਸਨੂੰ ਕ੍ਰਾਂਤੀਕਾਰੀ ਚੇਤਨਾ ਦਾ ਸਦੀਵੀ ਪ੍ਰੇਰਣਾ-ਸਰੋਤ ਬਣਾ ਦਿੱਤਾ
            ਇਉਂ ਭਾਰਤੀ ਇਤਿਹਾਸ ਦਾ ਇਹ ਦੌਰ ਹਿੰਦੂ ਅਤੇ ਮੁਸਲਿਮ ਸਭਿਆਚਾਰਾਂ ਦੀ ਨਵ-ਜਾਗ੍ਰਿਤੀ ਦਾ ਦੌਰ ਹੈ ਜਿਸਦੇ ਅਲੰਬਰਦਾਰ ਸੂਫ਼ੀ, ਸੰਤ, ਭਗਤ ਅਤੇ ਗੁਰੂ-ਵਿਅਕਤੀ ਹਨਇਨ੍ਹਾਂ ਮੱਧਕਾਲੀਨ ਧਰਮ-ਪ੍ਰਵਰਤਕਾਂ ਨੇ ਸਦਭਾਵਨਾ, ਸੁਹਿਰਦਤਾ ਅਤੇ ਸੰਵਾਦ ਦਾ ਅਜਿਹਾ ਵਾਤਾਵਰਣ ਤਿਆਰ ਕਰ ਦਿੱਤਾ ਜੋ ਵਿਭਿੰਨ ਸਭਿਆਚਾਰਾਂ ਨੂੰ ਸਮਨਵੈ ਅਤੇ ਸੁਮੇਲ ਦਾ ਸੰਦੇਸ਼ ਦਿੰਦਾ ਸੀਇਸ ਰੂਹਾਨੀ ਨਵ-ਜਾਗ੍ਰਿਤੀ ਨੂੰ ਸਮਾਜ ਅਤੇ ਸਭਿਆਚਾਰ ਦੇ ਧਰਾਤਲ ਉੱਤੇ ਵਾਪਰੀ ਕ੍ਰਾਂਤੀਕਾਰੀ ਘਟਨਾ ਤਸੱਵਰ ਕੀਤਾ ਜਾ ਸਕਦਾ ਹੈ ਕਿਉਂ ਜੋ ਇਸਨੇ ਵਿਰਸੇ ਦੇ ਹਕੀਕੀ ਗੌਰਵ ਨੂੰ ਜਗਾ ਕੇ ਅਨੁਭਵ ਅਤੇ ਬੌਧ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਜੀਵਨ-ਵਿਧੀ ਦੀ ਨੁਹਾਰ ਨੂੰ ਵੀ ਤਬਦੀਲ ਕਰਨ ਦਾ ਉਪਰਾਲਾ ਕੀਤਾਗੁਰੂ ਗ੍ਰੰਥ ਸਾਹਿਬ ਬਾਣੀ ਦਾ ਪ੍ਰਵਚਨ ਇਸੇ ਕਿਸਮ ਦੀ ਸਭਿਆਚਾਰਕ ਕ੍ਰਾਂਤੀ ਦੀ ਦਸਤਾਵੇਜ਼ ਹੈਇਹ ਬਾਣੀ ਭਿੰਨ-ਭਿੰਨ ਧਰਮਾਂ, ਫ਼ਿਰਕਿਆਂ, ਵਰਗਾਂ ਅਤੇ ਜਾਤ-ਬਰਾਦਰੀਆਂ ਨੂੰ ਪਰਸਪਰ ਵੈਰ-ਵਿਰੋਧ ਅਤੇ ਟਕਰਾਉ ਨੂੰ ਛੱਡ ਕੇ ਸਦਭਾਵਨਾ, ਸੁਹਿਰਦਤਾ, ਸਹਿਯੋਗ ਅਤੇ ਸਹਿਨਸ਼ੀਲਤਾ ਦਾ ਸੰਦੇਸ਼ ਸੰਚਾਰਿਤ ਕਰਦੀ ਹੈਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪ੍ਰਵਚਨ ਵਿਭਿੰਨ ਸਭਿਆਚਾਰਕ ਪਰੰਪਰਾਵਾਂ ਵਿਚਕਾਰ ਸ਼ਾਂਤਮਈ ਸਹਿ-ਹੋਂਦ ਨੂੰ ਪ੍ਰਵਾਨਗੀ ਦਿੰਦਾ ਹੋਇਆ ਮੱਧਕਾਲੀਨ ਭਾਰਤ ਵਿਚ ਉੱਸਰ ਰਹੇ ਸੰਜੁਗਤ ਸਭਿਆਚਾਰ ਦੀ ਸੰਭਾਵਨਾ ਨੂੰ ਵੀ ਸਾਕਾਰ ਕਰਦਾ ਹੈਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਬਾਣੀ ਦੀਆ ਕੁਝ ਪੰਗਤੀਆਂ ਪੇਸ਼ ਹਨ :
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ
ਕੋਈ ਸੇਵੈ ਗੁਸਈਆ ਕੋਈ ਅਲਾਹਿ1ਕਾਰਣ ਕਰਣ ਕਰੀਮ
ਕਿਰਪਾ ਧਾਰਿ ਰਹੀਮ 1ਰਹਾਉ
ਕੋਈ ਨਾਵੈ ਤੀਰਥਿ ਕੋਈ ਹਜ ਜਾਇ
            ਕੋਈ ਕਰੈ ਪੂਜਾ ਕੋਈ ਸਿਰੁ  ਨਿਵਾਇ 2
ਕੋਈ ਪੜੈ ਬੇਦ ਕੋਈ ਕਤੇਬ ਕੋਈ ਓਢੈ ਨੀਲ ਕੋਈ ਸੁਪੇਦ 3
ਕੋਈ ਕਹੈ ਤੁਰਕੁ ਕੋਈ ਕਹੈ  ਹਿੰਦੂ
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ 4
ਕਹੁ ਨਾਨਕ ਜਿਨਿ ਹੁਕਮੁ ਪਛਾਤਾ
ਪ੍ਰਭ ਸਾਹਿਬ ਕਾ ਤਿਨਿ ਭੇਦੁਜਾਤਾ59
                                                                 (ਗੁਰੂ ਗ੍ਰੰਥ ਸਾਹਿਬ, ਪੰਨਾ – 885)
            ਮਿਹਰਵਾਨ ਮਉਲਾ ਤੂਹੀ ਏਕ ਪੀਰ ਪੈਕਾਂਬਰ ਸੇਖ
ਦਿਲਾ ਕਾ ਮਾਲਕੁ ਕਰੇ ਹਾਕੁ ਕੁਰਾਨ ਕਤੇਬ ਤੇ ਪਾਕੁ 3
ਨਾਰਾਇਣ ਨਰਹਰ ਦਇਆਲ ਰਮਤ ਰਾਮ ਘਟ ਘਟ ਆਧਾਰ
            ਬਾਸੁਦੇਵ ਬਸਤ ਸਭ  ਠਾਇ ਲੀਲਾ ਕਿਛੁ ਲਖੀ ਨ ਜਾਇ 4
ਮਿਹਰ ਦਇਆ ਕਰਿ ਕਰਨੈਹਾਰ ਭਗਤਿ ਬੰਦਗੀ ਦੇਹਿ  ਸਿਰਜਣਹਾਰ
            ਕਹੁ ਨਾਨਕ ਗੁਰਿ ਖੋਏ ਭਰਮ ਏਕੋ ਅਲਹੁ ਪਾਰਬ੍ਰਹਮ
(ਗੁਰੂ ਗ੍ਰੰਥ ਸਾਹਿਬ, ਪੰਨਾ – 897)
            ਅਲਹੁ ਏਕੁ ਮਸੀਤਿ ਬਸਤੁ ਹੈ  ਅਵਰੁ ਮੁਲਖੁ ਕਿਸੁ ਕੇਰਾ
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ 1
ਅਲਹ ਰਾਮ ਜੀਵਉ ਤੇਰੇ ਨਾਈ
ਤੂ ਕਰਿ ਮਿਹਰਾਮਤਿ ਸਾਈ 1ਰਹਾਉ
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ 
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ 2
                                                                   (ਗੁਰੂ ਗ੍ਰੰਥ ਸਾਹਿਬ, ਪੰਨਾ – 1349)
ਇਥੇ ਬਾਣੀਕਾਰਾਂ ਨੇ ਆਪਣੇ ਧਾਰਮਿਕ ਧਾਰਮਿਕ ਅਨੁਭਵ ਅਤੇ ਬੋਧ ਨੂੰ ਪ੍ਰਗਟਾਉਣ ਲਈ ਜਿਨ੍ਹਾਂ ਚਿਹਨਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ ਉਹ ਹਿੰਦੂ ਅਤੇ ਮੁਸਲਿਮ ਵਿਰਸੇ ਦੇ ਧਰਮ-ਸ਼ਾਸਤਰੀ ਸੰਕਲਪਾਂ ਨਾਲ ਸੰਬੰਧਿਤ ਹਨਅਜਿਹੀ ਸਥਿਤੀ ਪਰਸਪਰ ਸਹਿ-ਹੋਂਦ ਅਤੇ ਸੰਵਾਦ ਵਿਚੋਂ ਹੀ ਪੈਦਾ ਹੋ ਸਕਦੀ ਹੈਬਾਣੀਕਾਰ ਇਨ੍ਹਾਂ ਵਿਭਿੰਨ ਧਰਮ-ਸ਼ਾਸਤਰੀ ਪਰੰਪਰਾਵਾਂ ਦੇ ਪ੍ਰਚੱਲਤ ਵਿਸ਼ਵਾਸ਼ਾਂ ਅਤੇ ਰਹੁ-ਰੀਤਾਂ ਦੀ ਵੰਨ-ਸੁਵੰਨਤਾ ਦੇ ਸਨਮੁਖ ਹੋ ਕੇ ਇਨ੍ਹਾਂ ਦੇ ਰੂਹਾਨੀ ਮਹੱਤਵ ਨੂੰ ਪਛਾਨਣ ਦਾ ਉਪਰਾਲਾ ਕਰਦੇ ਹਨ :
            ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ
            ਆਪਿ ਤਰੈ ਸਗਲੇ ਕੁਲ  ਤਾਰੈ 3
            ਦਾਨਸਬੰਦੁ ਸੋਈ ਦਿਲਿ ਧੋਵੈ ਮੁਸਲਮਾਣੁ ਸੋਈ ਮਲੁ ਖੋਵੈ
            ਪੜਿਆ ਬੂਝੈ ਸੋ ਪਰਵਾਣੁ ਜਿਸੁ  ਸਿਰਿ ਦਰਗਹ ਕਾ ਨੀਸਾਣੁ 457
                                                                   (ਗੁਰੂ ਗ੍ਰੰਥ ਸਾਹਿਬ, ਪੰਨਾ – 662)
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ
                                                                   (ਗੁਰੂ ਗ੍ਰੰਥ ਸਾਹਿਬ, ਪੰਨਾ – 471)
            ਇਉਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਚਨ ਵਿਚ ਵਿਭਿੰਨ ਧਰਮਾਂ ਦੀਆਂ ਵਿਸ਼ਵਾਸ਼-ਪਰੰਪਰਾਵਾਂ ਅਤੇ ਰਹੁ-ਰੀਤਾਂ ਨੂੰ ਨਵੇਂ ਸੰਦਰਭ ਵਿਚ ਪ੍ਰਸਤੁਤ ਕਰਕੇ ਇਨ੍ਹਾਂ ਵਿਚਲੀ ਰੂਹਾਨੀ ਸਾਂਝ ਦੇ ਧਰਾਤਲ ਨੂੰ ਤਲਾਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈਗੁਰੂ ਗ੍ਰੰਥ ਸਾਹਿਬ ਬਾਣੀ ਵਿਚ ਪੇਸ਼ ਹੋਈ ਸਭਿਆਚਾਰਕ ਕ੍ਰਾਂਤੀਦਾ ਮਹੱਤਵਪੂਰਣ ਪਹਿਲੂ ਸਮਾਜ ਦੇ ਦੱਬੇ-ਕੁਚਲੇ ਅਤੇ ਨਿਤਾਣੇ ਵਰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨਾ ਹੈਇਸ ਪ੍ਰਵਚਨ ਵਿਚ ਵਿਸ਼ੇਸ਼ ਤੌਰ ਤੇ ਹਾਕਮ ਸ਼੍ਰੇਣੀ ਦੀ ਲੁੱਟ-ਖਸੁੱਟ ਦੇ ਸ਼ਿਕਾਰ ਮਿਹਨਤਕਸ਼ ਕਿਸਾਨਾਂ ਅਤੇ ਕਿਰਤੀਆਂ ਅਤੇ ਬ੍ਰਾਹਮਣਵਾਦੀ ਕਰਮਕਾਂਡ ਅਤੇ ਜਾਤੀ-ਪ੍ਰਥਾ ਹੱਥੋਂ ਸਤਾਏ ਹੋਏ ਦਲਿਤ ਵਰਗਾਂ ਦਾ ਪੱਖ ਪੂਰਿਆ ਗਿਆ ਹੈਇਸੇ ਕਿਸਮ ਦੀ ਭਾਵਨਾ ਦਾ ਸਮੂਰਤ ਪ੍ਰਗਟਾਵਾ ਗੁਰੂ ਨਾਨਕ ਬਾਣੀ ਦੀਆਂ ਇਨ੍ਹਾਂ ਪੰਗਤੀਆਂ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ :
            ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ
            ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸੁ
                                                                 (ਗੁਰੂ ਗ੍ਰੰਥ ਸਾਹਿਬ, ਪੰਨਾ – 15)
ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਨੇ ਵੀ ਜਤੀ-ਪ੍ਰਥਾ ਦੇ ਇਸ ਮਸਨੂਈ ਕਿਰਦਾਰ ਨੂੰ ਉਘਾੜਨ ਦਾ ਜਤਨ ਅਪਣੀ ਬਾਣੀ ਦੀਆਂ ਇਨ੍ਹਾਂ ਪੰਗਤੀਆਂ ਵਿਚ ਕੀਤਾ ਹੈ :
ਗਰਭ ਵਾਸ ਮਹਿ ਕੁਲੁ ਨਹੀ ਜਾਤੀ
ਬ੍ਰਹਮ ਬਿੰਦੁ ਤੇ ਸਭ ਉਤਪਾਤੀ 1
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ
ਬਾਮਨ ਕਹਿ ਕਹਿ ਜਨਮੁ ਮਤ ਖੋਏ 1ਰਹਾਉ
            ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ
            ਤਉ ਆਨ ਬਾਟ ਕਾਹੇ ਨਹੀ ਆਇਆ 2
ਤੁਮ ਕਤ ਬ੍ਰਾਹਮਣ ਹਮ ਕਤ  ਸੂਦ
ਹਮ ਕਤ ਲੋਹੂ ਤੁਮ ਕਤ ਦੂਧ 3
                                                                   (ਗੁਰੂ ਗ੍ਰੰਥ ਸਾਹਿਬ, ਪੰਨਾ – 324)
            ਭਗਤ ਕਬੀਰ ਦੀਆਂ ਇਨ੍ਹਾਂ ਪੰਗਤੀਆਂ ਵਿਚ ਜਾਤੀ-ਪ੍ਰਥਾ ਦੇ ਵਿਵੇਕ ਨੂੰ ਲੋਕ-ਸੂਝ ਦੇ ਆਧਾਰ ਤੇ ਰੱਦ ਕਰਨ ਦਾ ਉਪਰਾਲਾ ਕੀਤਾ ਗਿਆ ਹੈਕਬੀਰ ਜੀ ਨੇ ਇਥੇ ਮਨੁੱਖੀ ਸਮਾਜ ਨੂੰ ਕੁਲ ਅਤੇ ਜਾਤੀ ਦੇ ਆਧਾਰਾਂ ਅਨੁਸਾਰ ਵੰਡਣ ਵਾਲੀ ਮਿੱਥ ਨੂੰ ਤੋੜਿਆ ਹੈ ਕੀਤਾ ਹੈਉਨ੍ਹਾਂ ਦਾ ਵਿਵੇਕ ਇਸ ਤੱਥ ਵਲ ਸੰਕੇਤ ਕਰ ਰਿਹਾ ਹੈ ਕਿ ਬ੍ਰਾਹਮਣ (ਕੁਲੀਨ) ਅਤੇ ਸੂਦ (ਦਲਿਤ) ਦੋਵੇਂ ਹੀ ਸੰਸਾਰ ਦੇ ਸਮੂਹ ਪ੍ਰਾਣੀਆਂ ਵਾਂਗ ਬ੍ਰਹਮ ਬਿੰਦੁ ਦੀ ਉਪਜ ਹਨਇਨ੍ਹਾਂ ਵਿਚਕਾਰ ਸਿਰਜੀ ਗਈ ਵਿੱਥ ਮਸਨੂਈ ਹੈਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਵੀ ਜਾਤੀ-ਪ੍ਰਥਾ ਦਾ ਖੰਡਨ ਕੀਤਾ ਗਿਆ ਹੈਭਗਤ ਜੀ ਖ਼ੁਦ ਦਲਿਤ ਜਾਤੀ ਨਾਲ ਸੰਬੰਧਿਤ ਹੋਣ ਕਾਰਣ ਆਪਣੇ ਨਿਜੀ ਅਨੁਭਵ ਨੂੰ ਵਿਅੰਗ ਅਤੇ ਕਟਾਖ਼ਸ਼ ਨਾਲ ਮੂਰਤੀਮਾਨ ਕਰਦੇ ਹਨਉਹ ਆਪਣੇ ਨਾਲ ਹੁੰਦੀ ਬਦਸਲੂਕੀ ਦਾ ਹਾਲ ਆਪਣੇ ਪ੍ਰਭੂ (ਬਾਪ ਬੀਠਲਾ) ਸਾਮ੍ਹਣੇ  ਇਨ੍ਹਾਂ ਪੰਗਤੀਆਂ ਰਾਹੀਂ ਪੇਸ਼ ਕਰਦੇ ਹਨ :
            ਸੂਦੁ ਸੂਦੁ ਕਰਿ ਮਾਰਿ ਉਠਾਇਓ
ਕਹਾ ਕਰਉ ਬਾਪ ਬੀਠੁਲਾ 1
            ਮੂਏ ਹੂਏ ਜਉ ਮੁਕਤਿ ਦੇਹੁਗੇ
ਮੁਕਤਿ ਨ ਜਾਨੈ ਕੋਇਲਾ
            ਏ ਪੰਡੀਆ ਮੋ ਕਉ ਢੇਢ ਕਹਤ
ਤੇਰੀ ਪੈਜ ਪਿਛੰਉਡੀ ਹੋਇਲਾ 2
                                                                   (ਗੁਰੂ ਗ੍ਰੰਥ ਸਾਹਿਬ, ਪੰਨਾ – 1292)
            ਮਹੱਤਵਪੂਰਣ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਣੀ ਵਿਚਲੀ ਕ੍ਰਾਂਤੀਕਾਰੀ ਚੇਤਨਾ ਸਿਰਫ਼ ਸਾਮਾਜਿਕ ਅਤੇ ਸਭਿਆਚਾਰਕ ਖੇਤਰ ਤਕ ਸੀਮਿਤ ਨਹੀਂ ਸਗੋਂ ਇਥੇ ਹਾਕਮ-ਸ਼੍ਰੇਣੀ ਦੇ ਲੋਟੂ ਕਿਰਦਾਰ ਦੀ ਵੀ ਤਿੱਖੀ ਆਲੋਚਨਾ ਕਤਿੀ ਗਈ ਹੈਮਿਸਾਲ ਵਜੋਂ ਗੁਰੂ ਨਾਨਕ ਬਾਣੀ ਦੀਆਂ ਇਹ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਰਾਜੇ ਸੀਹ ਮੁਕਦਮ ਕੁਤੇ
ਜਾਇ ਜਗਾਇਨਿ੍ ਬੈਠੇ ਸੁਤੇ
            ਚਾਕਰ ਨਹਦਾ ਪਾਇਨਿ੍ ਘਾਉ
ਰਤੁ ਪਿਤੁ ਕੁਤਿਹੋ ਚਟਿ ਜਾਹੁ
            ਜਿਥੈ ਜੀਆਂ ਹੋਸੀ ਸਾਰ
ਨਕੀਂ ਵਢੀ ਲਾਇਤਬਾਰ
                                                                      (ਗੁਰੂ ਗ੍ਰੰਥ ਸਾਹਿਬ, ਪੰਨਾ – 1288)
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀਂ ਕਹ ਚੜਿਆ
ਹਉ ਭਾਲਿ ਵਿਕੁੰਨੀ ਹੋਈ
ਆਧੇਰੈ ਰਾਹੁ ਨ ਕੋਈ
ਵਿਚਿ ਹਉਮੈ ਕਰਿ  ਦੁਖੁ ਰੋਈ
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ
                                                                 (ਗੁਰੂ ਗ੍ਰੰਥ ਸਾਹਿਬ, ਪੰਨਾ – 145)
            ਇਉਂ ਗੁਰੂ ਗ੍ਰੰਥ ਸਾਹਿਬ ਬਣੀ ਦਾ ਪ੍ਰਵਚਨ ਹਾਕਮ ਸ਼੍ਰੇਣੀ ਅਤੇ ਕੁਲੀਨ ਵਰਗਾਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੀ ਸ਼ੋਸ਼ਣਕਾਰੀ ਵਿਚਾਰਧਾਰਾ ਨੂੰ ਵੰਗਾਰਨ ਵਲ ਰੁਚਿਤ ਹੁੰਦਾ ਹੈ ਅਤੇ ਆਰਥਿਕ ਦ੍ਰਿਸ਼ਟੀ ਤੋਂ ਦੱਬੇ-ਕੁਚਲੇ ਲੋਕਾਂ ਅਤੇ ਸਾਮਾਜਿਕ ਅਨਿਆਂ ਭੋਗਦੇ ਦਲਿਤ ਵਰਗਾਂ ਦੀ ਖ਼ਾਮੋਸ਼ੀ ਨੂੰ ਜ਼ੁਬਾਨ ਦਿੰਦਾ ਹੈਇਹ ਮੁਗ਼ਲ ਸਮੰਤਵਾਦ ਅਤੇ ਜਾਗੀਰਦਾਰੀ ਵਿਵਸਥਾ ਦੀ ਹਿੰਸਾ ਨੂੰ ਹੀ ਨੰਗਿਆਂ ਨਹੀਂ ਕਰਦਾ ਸਗੋਂ ਪੀੜਿਤ ਲੋਕਾਈ ਦੇ ਮਨ ਵਿਚ ਇਸ ਅਤਿਆਚਾਰੀ ਸ਼ਾਸਨ ਦੀ ਅਸਥਿਰਤਾ ਦਾ ਅਹਿਸਾਸ ਜਗਾ ਕੇ ਨੈਤਿਕ ਮਨੋਬਲ ਪੈਦਾ ਕਰਦਾ ਹੈਇਹ ਕਿਸੇ ਵੀ ਸੰਸਾਰਕ ਪਾਤਸਾਹ ਦੀ ਥੋੜ੍ਹ-ਚਿਰੀ ਹਕੂਮਤ ਦੇ ਮੁਕਾਬਲੇ ਉੱਤੇ ਸੱਚੇ ਪਾਤਸ਼ਾਹ (ਪ੍ਰਭੂ) ਦੀ ਸਦੀਵੀ ਸਲਤਨਤ ਦਾ ਮਿਥਕ ਬਿੰਬ ਉਸਾਰਨ ਦੀ ਚੇਸ਼ਟਾ ਕਰਦਾ ਹੈਇਸ ਮੰਤਵ ਲਈ ਨਿਮਨ-ਅੰਕਿਤ ਪੰਗਤੀਆਂ ਧਿਆਨਯੋਗ ਹਨ :
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ
ਹਟ ਪਟਣ ਬਾਜਾਰ ਹੁਕਮੀ ਢਹਸੀਓ 
            ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ
ਤਾਜੀ ਰਥ ਤੁਖਾਰ ਹਾਥੀ  ਪਾਖਰੇ
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ
ਤੰਬੂ ਪਲੰਘਨਿਵਾਰ ਸਰਾਇਚੇ ਲਾਲਤੀ
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ
                                                                      (ਗੁਰੂ ਗ੍ਰੰਥ ਸਾਹਿਬ, ਪੰਨਾ – 141)
ਰਾਤੀ ਰੁਤੀ ਥਿਤੀ ਵਾਰ
ਪਵਣ ਪਾਣੀ ਅਗਨੀ ਪਾਤਾਲ
            ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ
            ਤਿਸੁ ਵਿਚਿ ਜੀਅ ਜੁਗਤਿ ਕੇ ਰੰਗ
ਤਨ ਕੇ ਨਾਮ ਅਨੇਕ ਅਨੰਤ
ਕਰਮੀ ਕਰਮੀ ਹੋਇ ਵੀਚਾਰੁ
            ਸਚਾ ਆਪਿ ਸਚਾ ਦਰਬਾਰੁ
                                                                        (ਗੁਰੂ ਗ੍ਰੰਥ ਸਾਹਿਬ, ਪੰਨਾ – 7)
            ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਹੋਏ ਇਸ ਸਭਿਆਚਾਰਕ ਕ੍ਰਾਂਤੀ ਦੇ ਸੰਕਲਪ ਦੀ ਚੇਤਨਾ ਵਿਚ ਆਖਿਆ ਜਾ ਸਕਦਾ ਹੈ ਕਿ ਇਸ ਬਾਣੀ ਦਾ ਪ੍ਰਵਚਨ-ਵਿਧਾਨ ਵੇਲੇ ਦੇ ਮਨੁੱਖ ਨੂੰ ਆਪਣੀ ਮਾਨਵੀ ਹੋਂਦ ਦਾ ਹਕੀਕੀ ਗੌਰਵ ਪਛਾਨਣ ਦਾ ਸੰਦੇਸ਼ ਦਿੰਦਾ ਹੈਇਹ ਹਾਕਮ-ਸ਼੍ਰੇਣੀ ਦੇ ਅਤਿਆਚਾਰ ਅਤੇ ਅਨਿਆਂ ਦਾ ਪਰਦਾ ਫ਼ਾਸ਼ ਕਰਕੇ ਆਤੰਕਿਤ ਅਤੇ ਸ਼ੋਸ਼ਿਤ ਪਰਜਾ ਦੇ ਮਨੋਬਲ ਨੂੰ ਮਜ਼ਬੂਤ ਕਰਦਾ ਹੈਇਸੇ ਤਰ੍ਹਾਂ ਹੀ ਇਹ ਬ੍ਰਾਹਮਣਵਦੀ ਕਰਮਕਾਂਡ ਅਤੇ ਮਨੂਵਾਦੀ ਜਾਤੀ-ਪ੍ਰਥਾ ਦੇ ਵਿਵੇਕਹੀਣ ਤੰਤਰ ਦੀ ਨਿਖੇਧੀ ਕਰਦਾ ਹੈਦੂਸਰੇ ਸ਼ਬਦਾਂ ਵਿਚ ਇਹ ਮਨੁੱਖ ਨੂੰ, ਗੁਰਬਾਣੀ ਵਿਚ ਪੇਸ਼ ਹੋਏ ਦੈਵੀ ਸੱਤਾ ਦੇ ਸੰਕਲਪ ( ੴਸਤਿਨਾਮੁ ਕਰਤਾ ਪੁਰਖੁ ਨਿਰਭੳ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ। ) ਨੂੰ, ਨੈਤਿਕ ਅਗਵਾਈ ਦਾ ਰੂਹਾਨੀ ਮਾਡਲ ਬਣਾਉਣ ਲਈ ਪ੍ਰੇਰਦਾ ਹੈਨਿਰਭਉ ਅਤੇ ਨਿਰਵੈਰੁ ਹੋ ਕੇ ਜਿਉਣ ਵਾਲੀ ਇਸ ਜੀਵਨ-ਵਿਧੀ ਵਿਚ ਸਭਿਆਚਾਰਕ ਕ੍ਰਾਂਤੀ ਦਾ ਹੀ ਪ੍ਰਤੱਖ ਪ੍ਰਮਾਣ ਦਿਖਾਈ ਦਿੰਦਾ ਹੈ
ਹੁਣ ਦੇਖਣਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਪ੍ਰਵਚਨ ਵਿਚ ਮਾਨਵ-ਮੁਕਤੀ ਦਾ ਕਿਸ ਕਿਸਮ ਦਾ ਸੰਕਲਪ ਪੇਸ਼ ਹੁੰਦਾ ਹੈਮੁੱਢਲੀ ਗੱਲ ਇਹ ਹੈ ਕਿ ਭਾਰਤ ਦੀਆਂ ਸਮੂਹ ਧਾਰਮਿਕ ਅਤੇ ਦਾਰਸ਼ਨਿਕ ਪਰੰਪਰਾਵਾਂ ਵਿਚ ਮਨੁੱਖੀ ਜੀਵਨ ਦੇ ਪਰਮ ਮਨੋਰਥ ਜਾਂ ਪਰਮਾਰਥ ਨੂੰ ਮੋਖ, ਮੁਕਤਿ ਜਾਂ ਨਿਰਵਾਣ ਵਰਗੇ ਸੰਕਲਪਾਂ ਦੇ ਹਵਾਲੇ ਨਾਲ ਪਰਿਭਾਸ਼ਿਤ ਕਰਨ ਦੀ ਚੇਸ਼ਟਾ ਕੀਤੀ ਗਈ ਹੈਮਿਸਾਲ ਵਜੋਂ ਕਲਾਸੀਕਲ ਹਿੰਦੂ ਪਰੰਪਰਾ ਅਨੁਸਾਰ ਮਨੁੱਖੀ ਜੀਵਨ ਦੇ ਚਾਰ ਪਰਮ-ਆਦਰਸ਼ ਜਾਂ ਪਦਾਰਥ ਹਨ ਧਰਮ, ਅਰਥ, ਕਾਮ ਅਤੇ ਮੋਖਇਨ੍ਹਾਂ ਵਿਚੋਂ ਮੋਖ ਨੂੰ ਸਰਬ-ਉੱਚ ਮੰਨਿਆਂ ਗਿਆ ਹੈਇਥੇ ਧਰਮ ਮਨੁੱਖੀ ਆਚਰਣ ਅਤੇ ਵਿਹਾਰ ਨੂੰ ਨਿਯੰਤਰਿਤ ਕਰਨ ਵਾਲੇ ਨੈਤਿਕ ਵਿਧਾਨ ਦਾ ਲਖਾਇਕ ਹੈ ਜਦੋਂ ਕਿ ਅਰਥ ਅਤੇ ਕਾਮ ਮਨੁੱਖੀ ਜੀਵਨ ਦੀਆਂ ਭੌਤਿਕ ਅਤੇ ਪ੍ਰਵਿਰਤੀ-ਮੂਲਕ ਲੋੜਾਂ ਦੀ ਪੂਰਤੀ ਦੇ ਆਧਾਰ ਹਨਇਹ ਪਹਿਲੇ ਤਿੰਨ ਪਦਾਰਥ ਮਨੁਖੀ ਹੋਂਦ ਦੇ ਲੌਕਿਕ ਸਰੋਕਾਰ ਮੰਨੇ ਜਾ ਸਕਦੇ ਹਨਇਨ੍ਹਾਂ ਦੇ ਮੁਕਾਬਲੇ ਉੱਤੇ ਮੋਖ ਦਾ ਖੇਤਰ ਪਰਮਾਰਥ (ultimate reality) ਦੀ ਚੇਤਨਾ ਦਾ ਖੇਤਰ ਹੈ ਜੋ ਇਨ੍ਹਾਂ ਲੌਕਿਕ ਸਰੋਕਾਰਾਂ ਨੂੰ ਅਲੌਕਿਕ ਜਾਂ ਪਾਰਗਾਮੀ ਸੰਦਰਭ ਪ੍ਰਦਾਨ ਕਰਦਾ ਹੈਇਸੇ ਤਰ੍ਹਾਂ ਹੀ ਬੌਧ-ਚਿੰਤਨ ਅਨੁਸਾਰ ਮਨੁੱਖੀ ਜੀਵਨ ਦੇ ਪਰਮਾਰਥ ਨੂੰ ਨਿਰਵਾਣ ਦੇ ਹਵਾਲੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈਇਹ ਤ੍ਰਿਸ਼ਨਾ ਜਾਂ ਕਾਮਨਾ ਦੀ ਭਟਕਣ ਤੋਂ ਮੁਕਤ ਹੋਣ ਦੀ ਅਵਸਥਾ ਮੰਨੀ ਗਈ ਹੈਗੁਰੂ ਗ੍ਰੰਥ ਸਾਹਿਬ ਦੇ ਪਾਠ-ਪ੍ਰਬੰਧ ਵਿਚ ਵੀ ਭਾਰਤੀ ਦਾਰਸ਼ਨਿਕ ਪਰੰਪਰਾ ਅਨੁਸਾਰ ਮਨੁੱਖੀ ਜੀਵਨ ਦੇ ਪਰਮਾਰਥ ਵਲ ਸੰਕੇਤ ਕਰਨ ਵਾਲੇ ਉਪਰੋਕਤ ਸੰਕਲਪੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜੋ ਇਸਦੀ ਪੂਰਬ-ਪ੍ਰਚਲਿਤ ਪਰੰਪਰਾ ਨਾਲ ਅੰਦਰੂਨੀ ਸਾਂਝ ਦਾ ਅਹਿਸਾਸ ਕਰਾਉਂਦੀ ਹੈਤਾਂ ਵੀ ਗੁਰਬਾਣੀ ਦਾ ਪ੍ਰਵਚਨ-ਵਿਧਾਨ ਇਨ੍ਹਾਂ ਪਰੰਪਰਕ ਸੰਕਲਪਾਂ ਨੂੰ ਇੰਨ-ਬਿੰਨ ਓਨ੍ਹਾਂ ਅਰਥਾਂ ਵਿਚ ਇਸਤੇਮਾਲ ਨਹੀਂ ਕਰਦਾ ਸਗੋਂ ਇਨ੍ਹਾਂ ਨੂੰ ਸੰਵਾਦ ਦੀ ਪ੍ਰਕਿਰਿਆ ਵਿਚ ਪਾ ਕੇ ਅਰਥਾਂ ਦਾ ਨਵਾਂ ਪਰਿਪੇਖ ਉਸਾਰਨ ਵਲ ਰੁਚਿਤ ਹੁੰਦਾ ਹੈਸਿੱਟੇ ਵਜੋਂ ਇਥੇ ਮਾਨਵ-ਮੁਕਤੀ ਦਾ ਨਵਾਂ ਸੰਕਲਪ ਉਜਾਗਰ ਹੁੰਦਾ ਹੈ ਜੋ ਇਸ ਪ੍ਰਵਚਨ ਦੇ ਕ੍ਰਾਂਤੀਕਾਰੀ ਸੁਭਾ ਦੇ ਅਨੁਰੂਪ ਹੈ
            ਮੋਖ, ਮੁਕਤ ਜਾਂ ਨਿਰਵਾਣ ਦੇ ਸੰਕਲਪ ਮੂਲ ਰੂਪ ਵਿਚ ਮਨੁੱਖੀ ਜੀਵਨ ਦੀ ਉਸ ਬੰਧਨ- ਸਥਿਤੀ ਜਾਂ ਭਵਸਾਗਰ ਦੀ ਭਟਕਣ ਵਲ ਸੰਕੇਤ ਕਰਦੇ ਹਨ ਜਿਨ੍ਹਾਂ ਤੋਂ ਛੁਟਕਾਰਾ ਹਾਸਿਲ ਕਰਨਾ ਇਸਦਾ ਪਰਮ-ਮਨੋਰਥ ਮੰਨਿਆਂ ਗਿਆ ਹੈਮਨੁੱਖ ਦੀ ਹਸਤੀ ਅਤੇ ਹੋਂਦ ਨੂੰ ਮੁਕਤੀ ਅਤੇ ਬੰਧਨ ਦੇ ਸੰਦਰਭ ਵਿਚ ਰੱਖ ਕੇ ਪਰਿਭਾਸ਼ਿਤ ਕਰਨ ਲਈ ਸੱਭ ਤੋਂ ਪਹਿਲਾਂ ਮਨੁੱਖ ਦੇ ਸੰਕਲਪ ਨੂੰ ਸਪਸ਼ਟ ਕਰਨਾ ਜ਼ਰੂਰੀ ਜਾਪਦਾ ਹੈਵਿਸ਼ਵ ਦੇ ਸਮੂਹ ਧਾਰਮਿਕ ਅਤੇ ਦਾਰਸ਼ਨਿਕ ਚਿੰਤਕਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਮਨੁੱਖ ਦੀ ਸਮੱਸਿਆ-ਗ੍ਰਸਤ ਹਸਤੀ ਅਤੇ ਹੋਂਦ ਵਲ ਸੰਕੇਤ ਕੀਤਾ ਹੈਨਿਰੰਕੁਸ਼ ਜਾਂ ਨਿਰਪੇਖ ਸੁਤੰਤਰਤਾ ਮਨੁੱਖੀ ਹੋਂਦ ਦੇ ਹਿੱਸੇ ਨਹੀਂ ਆਉਂਦੀ ਸਗੋਂ ਬੰਧਨ ਅਤੇ ਸੁਤੰਤਰਤਾ ਦੇ ਸਦੀਵੀ ਦਵੰਦ ਵਿਚ ਵਿਚਰਨਾ ਹੀ ਉਸ ਦੀ ਹੋਣੀ ਹੈਅਜਿਹੀ ਸਥਿਤੀ ਵਿਚ ਜ਼ਾਹਰ ਹੈ ਕਿ ਮਾਨਵ-ਮੁਕਤੀ ਦਾ ਵਾਸਤਵਿਕ ਖੇਤਰ ਜੀਵਾਤਮਕ ਅਤੇ ਭੌਤਿਕ ਲੋੜਾਂ ਤੋਂ ਮੁਕਤੀ ਦਾ ਖੇਤਰ ਨਹੀਂ ਅਤੇ ਨਾ ਹੀ ਸਮਾਜ-ਸਭਿਆਚਾਰ ਦੀ ਅਨਿਵਾਰਤਾ ਤੋਂ ਮੁਕਤੀ ਦਾ ਖੇਤਰ ਹੈਮਨੁੱਖ ਆਪਣੀ ਮਾਨਵੀ ਸੁਤੰਤਰਤਾ ਨਿਜ (self) ਅਤੇ ਪਰ (other) ਨਾਲ ਇਕਸੁਰ ਹੋ ਕੇ ਜਿਉਣ ਦੀ ਸਥਿਤੀ ਰਾਹੀਂ ਹੀ ਪ੍ਰਾਪਤ ਕਰ ਸਕਦਾ ਹੈ
            ਦਿਲਚਸਪ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਪ੍ਰਵਚਨ ਵਿਚ ਵੀ ਮਾਨਵ-ਮੁਕਤੀ ਦਾ ਕੁਝ ਇਸੇ ਕਿਸਮ ਦਾ ਸੰਕਲਪ ਉੱਭਰ ਕੇ ਸਾਮ੍ਹਣੇ ਆਉਂਦਾ ਹੈਇਥੇ ਮੁਕਤੀ ਨੂੰ ਇਕ ਵਿਸ਼ੇਸ਼ ਭਾਂਤ ਦੀ ਮਨੋਸਥਿਤੀ ਅਤੇ ਜੀਵਨ-ਵਿਧੀ ਦਾ ਪ੍ਰਤਿਫਲ ਮੰਨਿਆਂ ਗਿਆ ਹੈਬਾਣੀਕਾਰਾਂ ਨੇ ਮਨੁੱਖ ਦੀ ਮੁਕਤ-ਅਵਸਥਾ ਨੂੰ ਆਪੇ ਦੇ ਬ੍ਰਹਮ ਅਤੇ ਬ੍ਰਹਿਮੰਡ ਨਾਲ ਇਕਸੁਰ ਹੋਣ ਦੀ ਅਵਸਥਾ ਵਜੋਂ ਪਰਿਭਾਸ਼ਿਤ ਕੀਤਾ ਹੈਇਹ ਮੁਕਤ-ਅਵਸਥਾ ਕਾਮਨਾ ਦੇ ਦਮਨ ਰਾਹੀਂ ਨਹੀਂ ਸਗੋਂ ਸੰਜਮ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈਇਹ ਸੰਸਾਰ ਜਾਂ ਸਮਾਜ-ਸਭਿਆਚਾਰ ਤੋਂ ਭਾਂਜ ਦਾ ਮਾਰਗ ਨਹੀਂ ਸਗੋਂ ਸੰਸਾਰ ਦੀ ਸੰਸਰਿਕਤਾ ਤੋਂ ਨਿਰਲੇਪ ਹੋ ਕੇ ਵਿਚਰਨ ਦਾ ਮਾਰਗ ਹੈਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਬਾਣੀ ਦੀਆਂ ਨਿਮਨ-ਅੰਕਿਤ ਪੰਗਤੀਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ :
ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ
ਇੰਦ੍ਰੀ ਵਸਿ ਸਚ ਸੰਜਮਿ ਜੁਗਤਾ
            ਗੁਰ ਕੈ ਸਬਦਿ ਸਦਾ ਹਰਿ ਧਿਆਏ
ਏਹਾ ਭਗਤਿ ਹਰਿ ਭਾਵਣਿਆ
                                                                        (ਗੁਰੂ ਗ੍ਰੰਥ ਸਾਹਿਬ, ਪੰਨਾ – 122)
            ਜੈਸੇ ਜਲ ਮਹਿ ਕਮਲੁ ਨਿਰਾਲਮੁ
ਮੁਰਗਾਈ ਨੈ ਸਾਣੇ
ਸੁਰਤਿ ਸਬਦਿ ਭਵ ਸਾਗਰੁ ਤਰੀਐ
ਨਾਨਕ ਨਾਮੁ ਵਖਾਣੇ
ਰਹਹਿ ਇਕਾਂਤਿ ਏਕੋ ਮਨਿ ਵਸਿਆ
ਆਸਾ ਮਾਹਿ ਨਿਰਾਸੋ
ਅਗਮੁ ਅਗੋਚਰੁ ਦੇਖਿ ਦਿਖਾਏ
ਨਾਨਕੁ ਤਾ ਕਾ ਦਾਸੋ
                                                                        (ਗੁਰੂ ਗ੍ਰੰਥ ਸਾਹਿਬ, ਪੰਨਾ – 938)
            ਬਾਣੀਕਾਰਾਂ ਨੇ ਹਉਮੈ ਅਤੇ ਮਮਤਾ ਨੂੰ ਬੰਧਨ ਦਾ ਕਾਰਣ ਦਰਸਾਉਂਦਿਆਂ           ਮਨੁੱਖ ਨੂੰ ਹੁਕਮ ਦੇ ਬ੍ਰਹਿਮੰਡੀ ਵਿਧਾਨ ਨਾਲ ਇਕਸੁਰ ਹੋ ਕੇ ਜਿਉਣ ਦੀ ਚੇਤਨਾ ਜਗਾਉਣ ਦਾ ਉਪਰਾਲਾ ਕੀਤਾ ਹੈ ਜੋ ਮਾਨਵ-ਮੁਕਤੀ ਦੀ ਸਰਬੋਤਮ ਸਥਿਤੀ ਮੰਨੀ ਜਾ ਸਕਦੀ ਹੈ :
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ
                                                                        (ਗੁਰੂ ਗ੍ਰੰਥ ਸਾਹਿਬ, ਪੰਨਾ – 1427)
            ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ 1
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ
                                                                        (ਗੁਰੂ ਗ੍ਰੰਥ ਸਾਹਿਬ, ਪੰਨਾ – 1)
            ਇਉਂ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪ੍ਰਵਚਨ ਇਕ ਅਜਿਹੇ ਮਾਨਵ ਦਾ ਆਦਰਸ਼ ਪ੍ਰਸਤੁਤ ਕਰਦਾ ਹੈ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਪ੍ਰੰਪਰਕ ਵਿਕਾਰਾਂ ਤੋਂ ਮੁਕਤ ਹੋ ਕੇ ਆਪੇ ਨਾਲ ਇਕਸੁਰ ਹੋ ਕੇ ਵਿਚਰਦਾ ਹੈ ਅਤੇ ਗਿਰਹੀ ਮਾਹਿ ਉਦਾਸਾ ਦੀ ਨਿਰਲੇਪ ਭਾਵਨਾ ਧਾਰਣ ਕਰਦਾ ਹੋਇਆ ਸੰਸਾਰ ਦੀ ਸੰਸਾਰਕਿਤਾ ਨਾਲ ਮਾਨਸਿਕ ਦੂਰੀ ਥਾਪਣ ਦੀ ਚੇਸ਼ਟਾ ਕਰਦਾ ਹੈਉਹ ਆਪਣੀ ਹਉਮੈ ਦੀ ਤੰਗ ਵਲਗਣ ਵਿਚੋਂ ਉੱਭਰ ਕੇ ਬ੍ਰਹਿਮੰਡੀ ਹੁਕਮ ਨਾਲ ਵੀ ਇਕਸੁਰ ਹੋਣ ਦਾ ਜਤਨ ਕਰਦਾ ਹੈਇਸ ਕਿਸਮ ਦੀ ਸਥਿਤੀ ਨੂੰ ਹੀ ਬਾਣੀਕਾਰਾਂ ਨੇ ਮਾਨਵ-ਮੁਕਤੀ ਦੇ ਸਰਬੋਤਮ ਆਦਰਸ਼ ਵਜੋਂ ਸਥਾਪਿਤ ਕੀਤਾ ਹੈਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਣੀ ਮੱਧਕਾਲੀਨ ਭਾਰਤ ਦੀ ਅਜਿਹੀ ਮਹੱਤਵਪੂਰਣ ਸਭਿਆਚਾਰਕ ਟੈਕਸਟ ਹੈ ਜੋ ਸਭਿਆਚਾਰਕ ਕ੍ਰਾਂਤੀ ਦਾ ਸੰਦੇਸ਼ ਸੰਚਾਰਿਤ ਕਰਦੀ ਹੈ ਅਤੇ ਮਨੁੱਖੀ ਜੀਵਨ ਨੂੰ ਪ੍ਰਾਮਾਣਿਕ ਹੋਂਦ ਦੇ ਗੌਰਵ ਨਾਲ ਜੋੜਣ ਦਾ ਉਪਰਾਲਾ ਵੀ ਕਰਦੀ ਹੈਉਪਰੋਕਤ ਸਥਿਤੀ ਦੇ ਸੰਦਰਭ ਵਿਚ ਇਸ ਰਚਨਾ ਨੂੰ ਹੱਕੀ ਤੌਰ ਤੇ ਸਭਿਆਚਾਰਕ ਕ੍ਰਾਂਤੀ ਅਤੇ ਮਾਨਵ-ਮੁਕਤੀ ਦਾ ਪ੍ਰਵਚਨ ਆਖਿਆ ਜਾ ਸਕਦਾ ਹੈ

           


(2) ਗੁਰੂ ਗ੍ਰੰਥ ਸਾਹਿਬ ਦਾ ਨਾਰੀਵਾਦੀ ਪਰਿਪੇਖ
ਜਗਬੀਰ ਸਿੰਘ

            ਗੁਰੂ ਗ੍ਰੰਥ ਸਾਹਿਬ ਵਿੱਚ ਪੇਸ਼ ਹੋਏ ਨਾਰੀ-ਪੱਖੀ ਪ੍ਰਵਚਨ ਦਾ ਅਧਿਐਨ ਕਰਨ ਲਈ ਸੱਭ ਤੋਂ ਪਹਿਲਾਂ ਨਾਰੀਵਾਦ ਦੇ ਸੰਕਲਪ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ। ਨਾਰੀਵਾਦ ਅਜੋਕੇ ਦੌਰ ਵਿਚ ਸਾਮ੍ਹਣੇ ਆਈ ਇਕ ਕ੍ਰਾਂਤੀਕਾਰੀ ਬੌਧਿਕ ਅਤੇ ਰਾਜਨੀਤਕ ਲਹਿਰ ਹੈਇਸ ਦੀ ਮੂਲ ਧਾਰਣਾ ਇਹ ਹੈ ਕਿ ਮੌਜੂਦਾ ਸਾਮਾਜਿਕ ਵਿਵਸਥਾ ਦਾ ਕੇਂਦਰੀ ਧੁਰਾ ਲਿੰਗ-ਭੇਦ ਹੈ ਜਿਸਨੇ ਹੁਣ ਤਕ ਔਰਤ ਨੂੰ ਮਰਦ ਦੇ ਅਧੀਨ ਰੱਖਿਆ ਹੈਨਾਰੀਵਾਦੀਆਂ ਅਨੁਸਾਰ ਔਰਤਾਂ ਦੀ ਇਹ ਅਧੀਨਗੀ ਜੀਵਨ ਦੇ ਕਿਸੇ ਇਕ ਖੇਤਰ ਤਕ ਸੀਮਿਤ ਨਹੀਂ ਸਗੋਂ ਸਮੁੱਚੇ ਸਾਮਾਜਿਕ ਵਰਤਾਰੇ ਅਤੇ ਵਿਹਾਰ ਤਕ ਫੈਲੀ ਹੋਈ ਹੈਇਸ ਤਰ੍ਹਾਂ ਨਾਰੀਵਾਦ ਨੇ ਲਿੰਗ-ਭੇਦ ਦੀ ਦਰਜਾਬੰਦੀ ਅਨੁਸਾਰ ਉੱਸਰੇ ਸਾਮਾਜਿਕ ਰਿਸ਼ਤਿਆਂ ਦੀ ਸਿਆਸਤ ਨਾਲ ਆਪਣਾ ਸਰੋਕਾਰ ਜੋੜਿਆ ਹੈ ਅਤੇ ਇਸ ਵਿਤਕਰੇ ਭਰੀ ਮਰਦ-ਪ੍ਰਧਾਨ ਸਾਮਾਜਿਕ ਵਿਵਸਥਾ ਨੂੰ ਤਬਦੀਲ ਕਰਨ ਉੱਤੇ ਜ਼ੋਰ ਦਿੱਤਾ ਹੈਇਸਦੀ ਵਿਚਾਰਧਾਰਾ ਅਤੇ ਸਿਆਸਤ ਔਰਤ ਨੂੰ ਇਸ ਅਧੀਨਗੀ ਤੋਂ ਮੁਕਤ ਕਰਕੇ ਅਜਿਹੇ ਸਮਾਜ ਸਭਿਆਚਾਰ ਦਾ ਨਿਰਮਾਨ ਕਰਨਾ ਲੋਚਦੀ ਹੈ ਜਿਸ ਵਿਚ ਉਸਦੀਆਂ ਆਕਾਂਖਿਆਵਾਂ ਅਤੇ ਉਦੇਸ਼ਾਂ ਦਾ ਲੋੜੀਂਦਾ ਧਿਆਨ ਰੱਖਿਆ ਜਾਵੇਇਸ ਤਰ੍ਹਾਂ ਨਾਰੀਵਾਦ ਨਿਰੋਲ ਆਕਾਦਮਿਕ ਲਹਿਰ ਨਹੀਂ ਸਗੋਂ ਇਸਦਾ ਸਰਗਰਮ ਸਿਆਸਤ ਨਾਲ ਵੀ ਡੂੰਘਾ ਸਰੋਕਾਰ ਹੈਇਸ ਸੰਦਰਭ ਵਿਚ ਸਮਕਾਲੀ ਵਿਦਵਾਨ Chris Barker ਦਾ ਨਿਮਨ-ਅੰਕਿਤ ਕਥਨ ਧਿਆਨਯੋਗ ਹੈ :
            “feminism a plural field of theory and politics which has competing perspectives and prescriptions for action. In general terms we may hold feminism to be asserting that sex is a fundamental and irreducible axis of social organization which, to date, has subordinated women to men” [1]
            ਨਾਰੀ ਚੇਤਨਾ ਅਤੇ ਨਾਰੀਵਾਦ ਦਾ ਆਗ਼ਾਜ਼ ਉਨ੍ਹੀਵੀਂ ਸਦੀ ਦੇ ਯੂਰੋਪ ਵਿਚ ਔਰਤਾਂ ਦੇ ਨਾਗਰਿਕ ਅਧਿਕਾਰਾਂ ਅਤੇ ਸਮਾਜਿਕ ਬਰਾਬਰੀ ਲਈ ਜੱਦੋ-ਜਹਿਦ ਦੇ ਹਵਾਲੇ ਨਾਲ ਹੋਇਆਸ਼ੁਰੂ ਸ਼ੁਰੂ ਵਿਚ ਇਸਦਾ ਮੁੱਖ ਉਦੇਸ਼ ਜੀਵਨ ਦੇ ਵਿਭਿੰਨ ਖੇਤਰਾਂ ਵਿਚ ਨਾਰੀ ਨਾਲ ਹੁੰਦੀ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਸੀਹੌਲੀ ਹੌਲੀ ਇਹ ਲਹਿਰ ਹੋਰ ਵਧੇਰੇ ਪ੍ਰਚੰਡ ਹੋ ਕੇ ਨਾਰੀ ਮੁਕਤੀ ਅੰਦੋਲਨਦੇ ਰੂਪ ਵਿਚ ਸਾਮ੍ਹਣੇ ਆਈਇਸਦੇ ਪਿਛੋਕੜ ਵਿਚ ਪੱਛਮ ਦੀ ਬੌਧਿਕ ਜਾਗ੍ਰਿਤੀ ਲਹਿਰ (Enlightenment Movement) ਕਾਰਜਸ਼ੀਲ ਨਜ਼ਰ ਆਉਂਦੀ ਹੈ ਜਿਸਨੇ ਮਨੁੱਖੀ ਸੋਚ ਨੂੰ ਸੁਤੰਤਰਤਾ ਦਾ ਹੁਲਾਰਾ ਦੇਣ ਵਾਲਾ ਇਕ ਵਿਸ਼ੇਸ਼ ਭਾਂਤ ਦਾ ਮੁਕਤੀ-ਪ੍ਰਾਜੈਕਟ (emancipatory project) ਸਾਮ੍ਹਣੇ ਲਿਆਂਦਾਆਧੁਨਿਕ ਚੇਤਨਾ ਦਾ ਮੁੱਢ ਬੰਨਣ ਵਾਲੀ, ਇਸ ਜਾਗ੍ਰਿਤੀ ਲਹਿਰ ਨੇ ਬੁੱਧ-ਵਿਵੇਕ ਅਤੇ ਤਰਕ ਦੀ ਸਰਦਾਰੀ ਸਥਾਪਿਤ ਕਰਕੇ ਮਨੁੱਖ ਨੂੰ ਵਹਿਮਾਂ-ਭਰਮਾਂ ਅਤੇ ਅਗਿਆਨ ਤੋਂ ਮੁਕਤੀ ਦਿਵਾਉਣ ਦੀ ਚੇਸ਼ਟਾ ਕੀਤੀ ਸੀਮੁੱਢਲੇ ਦੌਰ ਦੇ ਨਾਰੀਵਾਦ / ਨਾਰੀ ਮੁਕਤੀ ਅੰਦੋਲਨਨੂੰ ਵੀ ਇਸੇ ਹੀ ਸੰਦਰਭ ਵਿਚ ਰੱਖ ਕੇ ਵਾਚਿਆ ਜਾ ਸਕਦਾ ਹੈ
ਵੀਹਵੀਂ ਸਦੀ ਦੇ ਦੂਸਰੇ ਅੱਧ ਵਿਚ ਨਾਰੀਵਾਦ ਆਪਣੇ ਵਿਕਾਸ ਦੇ ਨਵੇਂ ਦੌਰ ਵਿਚ ਪ੍ਰਵੇਸ਼ ਕਰਦਾ ਹੈਇਹ ਦੌਰ ਵਿਸ਼ਵ-ਚਿੰਤਨ ਖੇਤਰ ਵਿਚ ਵਾਪਰਨ ਵਾਲੀਆਂ ਉਨ੍ਹਾਂ ਮਹੱਤਵਪੂਰਣ ਗਤੀ-ਵਿਧੀਆਂ ਦਾ ਲਖਾਇਕ ਹੈ ਜੋ ਉੱਤਰ-ਸੰਰਚਨਾਵਾਦ, ਉੱਤਰ-ਆਧੁਨਿਕਵਾਦ ਅਤੇ ਉੱਤਰ-ਬਸਤੀਵਾਦ ਦੇ ਰੂਪ ਵਿਚ ਸਾਮ੍ਹਣੇ ਆਈਆਂ ਹਨਇਨ੍ਹਾਂ ਨਵੀਨ ਚਿੰਤਨਧਾਰਾਵਾਂ ਦੇ ਪ੍ਰਭਾਵ ਅਧੀਨ ਨਾਰੀਵਾਦ ਦੇ ਸੰਕਲਪ ਅਤੇ ਸਰੂਪ ਵਿਚ ਵੀ ਡੂੰਘਾ ਪਰਿਵਰਤਨ ਵਾਪਰਿਆ ਹੈਪ੍ਰਸਿੱਧ ਨਾਰੀਵਾਦੀ ਚਿੰਤਕ ਸਟੇਵੀ ਜੈਕਸਨ ਦੇ ਸ਼ਬਦਾਂ ਵਿਚ :
            “Poststructuralism and postmodernism offered perspectives which were radically anti-essentialist  –  which challenged the idea that ‘men’ and ‘women’ were given, natural, essential categories. Increasingly the category ‘women’ was called into question . . . In this context the immediate concern was to counter the idea of ‘women’ as fixed, natural category, to emphasise its historical, cultural and contextual specificity.” [2]
            ਇਸ ਤਰ੍ਹਾਂ ਇਸ ਨਵੀਂ ਸੋਚ ਨੇ ਮਰਦਅਤੇ ਔਰਤਨੂੰ ਨਿਰੋਲ ਨਰ ਅਤੇ ਮਾਦਾ (ਜਾਂ ਮੇਲ / ਫੀਮੇਲ) ਦੇ ਰੂਪ ਵਿਚ ਦੇਖਣ ਵਾਲੀ ਜੀਵਾਤਮਕ ਦ੍ਰਿਸ਼ਟੀ ਨੂੰ ਨਕਾਰ ਦਿੱਤਾਸੱਚ ਤਾਂ ਇਹ ਹੈ ਕਿ ਇਨ੍ਹਾਂ ਬੌਧਿਕ ਧਾਰਾਵਾਂ ਨੇ ਸਿਰਫ਼ ਮਾਨਵ ਵਿਅਕਤੀ ਬਾਰੇ ਹੀ ਨਹੀਂ ਸਗੋਂ ਸੱਚ ਅਤੇ ਗਿਆਨ ਬਾਰੇ ਵੀ ਨਵੀਂ ਸੂਝ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਹੈਇਨ੍ਹਾਂ ਚਿੰਤਨਧਾਰਾਵਾਂ ਦੇ ਮਾਧਿਅਮ ਰਾਹੀਂ ਉੱਸਰੇ ਨਵੇਂ ਗਿਆਨਸ਼ਾਸਤਰ ਨੇ ਮਨੁੱਖ ਨੂੰ ਇਕ ਰਚਨਾ (construction) ਦੇ ਰੂਪ ਵਿਚ ਦੇਖਣ ਦਾ ਮਤ ਸਥਾਪਿਤ ਕੀਤਾ ਹੈਅਰਥਾਤ ਇਨ੍ਹਾਂ ਨੇ ਮਨੁੱਖ ਦੀ ਸੁਭਾਵਕ, ਸਥਿਰ ਅਤੇ ਸਦੀਵੀ ਹੋਂਦ ਦੇ ਸੰਕਲਪ ਨੂੰ ਨਕਾਰਦਿਆਂ ਉਸਨੂੰ ਭਾਸ਼ਾ, ਸਮਾਜ ਅਤੇ ਸਭਿਆਚਾਰ ਦੀ ਰਚਨਾ ਮੰਨਣ ਉੱਤੇ ਬਲ ਦਿੱਤਾ ਹੈਇਸ ਤੋਂ ਇਲਾਵਾ ਭਿੰਨਤਾਵਾਂ ਅਤੇ ਵਿਲੱਖਣਤਾਵਾਂ ਦਾ ਆਦਰ ਕਰਨ ਵਾਲੇ ਇਸ ਨਵੇਂ ਗਿਆਨਸ਼ਾਸਤਰ ਨੇ ਮਨੁੱਖ ਦੀ ਪਛਾਣ ਨਿਰਧਾਰਿਤ ਕਰਨ ਵਾਲੇ ਅਨੇਕਾਂ ਰਵਾਇਤੀ ਗੁਣ-ਲੱਛਣਾਂ ਨੂੰ ਵਿਖੰਡਿਤ (deconstruct) ਕਰਕੇ ਸਮਝ ਅਤੇ ਸੂਝ ਦੇ ਨਵੇਂ ਪਰਿਪੇਖ ਉਜਾਗਰ ਕੀਤੇ ਹਨ ਇਸਨੇ ਰੰਗ, ਨਸਲ ਅਤੇ ਲਿੰਗ ਵਰਗੇ ਮਹਤਵਪੂਰਣ ਸੰਕਲਪਾਂ ਨੂੰ ਪੁਨਰ-ਪਰਿਭਾਸ਼ਿਤ ਦੀ ਰੀਤ ਤੋਰੀ ਹੈਇਨ੍ਹਾਂ ਪਰਿਭਾਸ਼ਾਵਾਂ ਨੇ ਮਾਨਵ-ਵਿਅਕਤੀ ਅਤੇ ਉਸਦੀ ਪਛਾਣ ਨਾਲ ਸੰਬੰਧਿਤ ਉੱਤਮ / ਨੀਚ ਦੀ ਮਸਨੂਈ ਦਰਜੇ-ਬੰਦੀ ਨੂੰ ਵਿਖੰਡਿਤ ਕਰ ਦਿੱਤਾ ਹੈ
            ਇਸ ਨਵੇਂ ਮਾਹੌਲ ਵਿਚ ਨਾਰੀਵਾਦੀ ਚਿੰਤਕਾਂ ਨੇ ਨਾਰੀ ਦਾ ਦਮਨ ਅਤੇ ਸ਼ੋਸ਼ਣ ਕਰਨ ਵਾਲੇ ਸਾਮਾਜਿਕ ਵਿਹਾਰਾਂ ਅਤੇ ਸਭਿਆਚਾਰਕ ਸੰਸਥਾਵਾਂ ਦਾ ਹੋਰ ਗਹਿਰਾਈ ਨਾਲ ਅਧਿਐਨ ਕਰਦਿਆਂ ਨਾਰੀਵਾਦ ਨੂੰ ਇਕ ਸੁਤੰਤਰ ਬੌਧਿਕ ਲਹਿਰ ਦੇ ਰੂਪ ਵਿਚ ਸਥਾਪਿਤ ਕਰਨ ਦਾ ਜਤਨ ਕੀਤਾ ਹੈਇਸਦੇ ਨਾਲ ਹੀ ਇਨ੍ਹਾਂ ਨਾਰੀਵਾਦੀ ਚਿੰਤਕਾਂ ਨੇ ਸਾਹਿਤ-ਚਿੰਤਨ ਅਤੇ ਸਮੀਖਿਆ ਨਾਲ ਵੀ ਆਪਣਾ ਸਰੋਕਾਰ ਜੋੜਨ ਦੀ ਚੇਸ਼ਟਾ ਕੀਤੀ ਹੈ ਜਿਸਦੇ ਫਲਰੂਪ ਇਕ ਨਵੀਨ ਆਲੋਚਨਾ-ਪ੍ਰਣਾਲੀ (ਨਾਰੀਵਾਦੀ ਆਲੋਚਨਾ) ਸਾਮ੍ਹਣੇ ਆਈ ਹੈਇਸ ਆਲੋਚਨਾ-ਪ੍ਰਣਾਲੀ ਦਾ ਮੁੱਖ ਉੱਦੇਸ਼ ਨਾਰੀਵਾਦੀ ਦ੍ਰਿਸ਼ਟੀ ਤੋਂ ਸਾਹਿਤਕ ਰਚਨਾਵਾਂ ਦੀ ਨਵੀਂ ਪੜ੍ਹਤ ਤਿਆਰ ਕਰਨਾ ਹੈਇਸ ਆਲੋਚਨਾ-ਪ੍ਰਣਾਲੀ ਦੀ ਮੂਲ ਧਾਰਣਾ ਇਹ ਹੈ ਕਿ ਹਰ ਸਾਹਿਤਕ ਪਾਠ ਦੇ ਵਿਚਾਰਧਾਰਾਈ ਅਵਚੇਤਨ ਵਿਚ ਆਮ ਤੌਰ ਤੇ ਲਿੰਗ-ਆਧਾਰਿਤ ਅਰਥਾਂ ਅਤੇ ਰਿਸ਼ਤਿਆਂ ਦੀ ਸਿਆਸਤ ਕਾਰਜਸ਼ੀਲ ਹੁੰਦੀ ਹੈਕਿਧਰੇ ਦਮਨਕਾਰੀ ਸ਼ਕਤੀ ਪ੍ਰਵਚਨ ਦੇ ਰੂਪ ਵਿਚ ਅਤੇ ਕਿਧਰੇ ਵਿਦਰੋਹੀ ਚੇਤਨਾ ਦੇ ਰੂਪ ਵਿਚਨਾਰੀਵਾਦੀ ਪੜ੍ਹਤ ਆਪਣੇ ਆਲੋਚਨਾਤਮਕ ਪੈਂਤੜੇ (critical strategy) ਰਾਹੀਂ ਰਚਨਾ ਵਿਚਲੇ ਮੂਲ ਵਿਰੋਧਾਂ ਦਾ ਵਿਖੰਡਨ ਕਰਕੇ ਅਵਚੇਤਨ ਦੀ ਇਸ ਸਿਆਸਤ ਨੂੰ ਉਘਾੜਨ ਵਲ ਰੁਚਿਤ ਹੁੰਦੀ ਹੈ
            ਨਾਰੀਵਾਦ ਅਤੇ ਨਾਰੀਵਾਦੀ ਆਲੋਚਨਾ-ਪ੍ਰਣਾਲੀ ਬਾਰੇ ਇਸ ਸੰਖੇਪ ਜਿਹੀ ਚਰਚਾ ਤੋਂ ਬਾਦ ਅਸੀਂ ਆਪਣੇ ਮੁੱਖ ਵਿਸ਼ੇ ਵਲ ਪਰਤਦੇ ਹਾਂਸਾਡੇ ਸਾਮ੍ਹਣੇ ਮੁੱਖ ਮਸਲਾ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਿਰਜਿਤ ਪ੍ਰਵਚਨ ਨੂੰ ਨਾਰੀਵਾਦੀ ਪਰਿਪੇਖ ਵਿਚ ਰੱਖ ਕੇ ਵਾਚਣ ਨਾਲ ਸੰਬੰਧ ਰੱਖਦਾ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਵਿਰਸੇ ਦਾ ਪਾਵਨ ਗ੍ਰੰਥ (Scripture) ਹੋਣ ਦੇ ਨਾਲ ਨਾਲ ਮੱਧਕਾਲੀਨ ਭਾਰਤ ਦੀ ਮੁੱਲਵਾਨ ਸਾਹਿਤਕ ਅਤੇ ਸਭਿਆਚਾਰਕ ਟੈਕਸਟ ਵੀ ਹੈਗੁਰੂ ਅਰਜਨ ਦੇਵ ਦੁਆਰਾ, ਅੱਜ ਤੋਂ ਚਾਰ ਸੌ ਸਾਲ ਪਹਿਲਾਂ, 1604 ਈਸਵੀ ਵਿਚ, ਰਚੇ ਗਏ ਇਸ ਮਹਾਂ-ਗ੍ਰੰਥ ਦੀ ਮੂਲ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਸੰਕਲਿਤ ਅਤੇ ਸੰਪਾਦਿਤ ਰਚਨਾ ਹੈਇਸ ਵਿਚ ਸਿੱਖ ਧਰਮ ਦੇ ਪ੍ਰਵਰਤਕ ਗੁਰੂ ਨਾਨਕ ਦੇਵ ਅਤੇ ਹੋਰਨਾਂ ਗੁਰੂ-ਵਿਅਕਤੀਆਂ ਦੀ ਬਾਣੀ ਤੋਂ ਇਲਾਵਾ ਭਾਰਤ ਦੀਆਂ ਭਿੰਨ-ਭਿੰਨ ਭਾਸ਼ਾਵਾਂ, ਭੂਗੋਲਿਕ ਖਿੱਤਿਆਂ, ਖੇਤਰੀ ਸੱਭਿਆਚਾਰਾਂ, ਧਰਮ-ਸੰਪ੍ਰਦਾਵਾਂ ਅਤੇ ਜਾਤ-ਬਰਾਦਰੀਆਂ ਨਾਲ ਸੰਬੰਧਿਤ ਪ੍ਰਮੁੱਖ ਸੰਤਾਂ ਅਤੇ ਭਗਤਾਂ ਦੀ ਬਾਣੀ ਦੇ ਨਾਲ ਨਾਲ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਫ਼ਰੀਦ ਦੀ ਰਚਨਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ12ਵੀਂ ਸਦੀ ਈ. ਤੋਂ ਲੈ ਕੇ 17ਵੀਂ ਸਦੀ ਈ. ਤਕ ਦੇ ਇਨ੍ਹਾਂ ਧਰਮ-ਪ੍ਰਵਰਤਕਾਂ ਨੇ ਆਪਣੇ ਕ੍ਰਾਂਤੀਕਾਰੀ ਸੰਦੇਸ਼ ਰਾਹੀਂ ਧਰਮ, ਸਮਾਜ ਅਤੇ ਸੱਭਿਆਚਾਰ ਦੇ ਖੇਤਰ ਵਿਚ ਨਵ-ਜਾਗ੍ਰਿਤੀ ਦੀ ਲਹਿਰ ਨੂੰ ਸੰਗਠਿਤ ਕਰਨ ਦਾ ਉਪਰਾਲਾ ਕੀਤਾਇਸ ਲਹਿਰ ਨੇ ਤੱਤਕਾਲੀਨ ਵਿਵਸਥਾ ਦੇ ਦਮਨਕਾਰੀ ਤੰਤਰ ਅਤੇ ਰੂੜ੍ਹੀਵਾਦੀ ਸੰਸਥਾਵਾਂ ਦੇ ਮਾਨਵ-ਦੋਖੀ ਸੰਗਠਨਾਂ ਨੂੰ ਵੰਗਾਰਦਿਆਂ ਪੀੜਿਤ ਲੋਕਾਈ ਦੇ ਮਨ ਵਿਚ ਆਜ਼ਾਦੀ ਅਤੇ ਸਵੈਮਾਣ ਦਾ ਸੁਪਨਾ ਜਗਾਇਆਇਹੀ ਕਾਰਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਬੇ-ਕੁਚਲੇ ਲੋਕਾਂ ਅਤੇ ਹਾਸ਼ੀਆਕ੍ਰਿਤ (ਦਲਿਤ ਅਤੇ ਦਮਿਤ)  ਵਰਗਾਂ ਦਾ ਪ੍ਰਵਚਨ ਬਣ ਕੇ ਉਜਾਗਰ ਹੁੰਦਾ ਹੈਜਾਤਿ, ਜਨਮ ਅਤੇ ਲਿੰਗ-ਭੇਦ ਦੇ ਵਿਤਕਰੇ / ਦਮਨ ਦਾ ਸੰਤਾਪ ਭੋਗਣ ਵਾਲੇ ਇਨ੍ਹਾਂ ਵਰਗਾਂ ਬਾਰੇ ਹੀ ਗੁਰੂ ਨਾਨਕ ਦੇਵ ਨੇ ਨਿਮਨ-ਅੰਕਿਤ ਬੋਲ ਉਚਾਰਿਆ ਹੈ :
            ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
            ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ 43[3]
ਇਥੇ ਗੁਰੂ-ਕਵੀ ਨੇ ਦਲਿਤ ਅਤੇ ਦਮਿਤ ਮਾਨਵਤਾ ਨਾਲ ਆਪਣੀ ਵਿਚਾਰਧਾਰਾਈ ਪ੍ਰਤਿਬੱਧਤਾ ਦਰਸਾਉਣ ਦਾ ਉਪਰਾਲਾ ਕੀਤਾ ਹੈਇਸਦੇ ਨਾਲ ਹੀ ਇਥੇ ਨਿਮਾਣੇ ਅਤੇ ਨਿਤਾਣੇ ਵਰਗ ਦੀ ਸਾਂਭ-ਸੰਭਾਲ ਕਰਨ ਵਾਲਿਆਂ ਅਤੇ ਹਮਦਰਦੀ ਰੱਖਣ ਉੱਪਰ ਰੱਬੀ ਮਿਹਰ (ਬਖਸੀਸ) ਹੋਣ ਦਾ ਪਾਰਗਾਮੀ ਸੰਕੇਤ ਵੀ ਕੀਤਾ ਗਿਆ ਹੈ ਜੋ ਇਸ ਵਿਚਾਰਧਾਰਾ ਦੇ ਦਲਿਤ-ਪੱਖੀ ਪਰਮ-ਸਰੋਕਾਰ ਦਾ ਪ੍ਰਤੀਕ ਹੋ ਨਿਬੜਦਾ ਹੈਅਜੋਕੇ ਮੁਹਾਵਰੇ ਵਿਚ ਇਸਨੂੰ ਹਾਸ਼ੀਆਕ੍ਰਿਤ ਜਾਤ-ਬਰਾਦਰੀਆਂ ਅਤੇ ਵਰਗਾਂ ਨਾਲ ਨਜ਼ਦੀਕੀ ਸਾਂਝ ਅਤੇ ਪ੍ਰਤਿਬੱਧਤਾ ਦਾ ਪ੍ਰਮਾਣ ਮੰਨਿਆਂ ਜਾ ਸਕਦਾ ਹੈਅਸਲ ਵਿਚ ਗੁਰਬਾਣੀ ਦਾ ਪ੍ਰਵਚਨ ਮਾਨਵਜਾਤੀ ਦੇ ਅਵਚੇਤਨ ਵਿਚ ਵਸਦੀ ਉਸ ਸਦੀਵੀ ਲੋਚਾ ਨੂੰ ਮੂਰਤੀਮਾਨ ਕਰਦਾ ਹੈ ਜੋ ਹਰ ਕਿਸਮ ਦੇ ਵਿਤਕਰੇ, ਜ਼ੁਲਮ, ਤਸ਼ੱਦਦ, ਦਮਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਵਿਦਰੋਹ  ਬਣ ਕੇ ਉਜਾਗਰ ਹੁੰਦੀ ਹੈਤੱਤਕਾਲੀਨ ਭਾਰਤੀ ਸਮਾਜ ਦੇ ਇਨ੍ਹਾਂ ਹਾਸ਼ੀਆਕ੍ਰਿਤ (marginalized) ਵਰਗਾਂ ਵਿਚ ਨਾਰੀ ਵੀ ਸ਼ਾਮਿਲ ਹੈ
            ਗੁਰਬਾਣੀ ਦੇ ਸਿਰਜਿਤ ਪ੍ਰਵਚਨ ਵਿਚ ਭਾਵੇਂ ਸੁਚੇਤ ਤੌਰ ਨਾਰੀ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਨਾਰੀ-ਨਿੰਦਕਾਂ ਨੂੰ ਕੋਸਿਆ ਵੀ ਗਿਆ ਹੈ, ਜਿਵੇਂ :
            ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ
            ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ [4]
            ਪਰ ਇਸਦੀ ਕਾਵਿ-ਭਾਸ਼ਾ ਰਾਹੀਂ ਮੂਰਤੀਮਾਨ ਹੋਣ ਵਾਲਾ ਨਾਰੀ-ਬਿੰਬ ਨਾ-ਬਰਾਬਰ ਰਿਸ਼ਤਿਆਂ ਦੀ ਦਾਸਤਾਨ ਵੀ ਕਹਿੰਦਾ ਹੈਇਹ ਕੋਈ ਅਲੋਕਾਰ ਗੱਲ ਨਹੀਂਕਾਰਣ ਇਹ ਹੈ ਕਿ ਹਰ ਲੇਖਕ ਆਪਣੇ ਵੇਲੇ ਦੀ ਪ੍ਰਧਾਨ ਚੇਤਨਾ-ਵਿਧੀ ਅਤੇ ਸਾਮਾਜਿਕ ਸਭਿਆਚਾਰਕ ਯਥਾਰਥ ਵਿਚੋਂ ਹੀ ਕਾਵਿ-ਭਾਸ਼ਾ ਅਤੇ ਸੰਚਾਰ-ਜੁਗਤਾਂ ਤਲਾਸ਼ ਕਰਦਾ ਹੈਇਹੀ ਕਾਰਣ ਹੈ ਕਿ ਕਈ ਵਾਰੀ ਲੇਖਕ ਦੀ ਵਿਚਾਰਧਾਰਾ ਕੁਝ ਹੋਰ ਆਖਦੀ ਹੈ ਅਤੇ ਉਸਦੀ ਕਾਵਿ-ਭਾਸ਼ਾ ਕੁਝ ਹੋਰਗੁਰਬਾਣੀ ਦੀ ਕਾਵਿ-ਭਾਸ਼ਾ ਵੀ ਇਸਤਰੀ-ਪੁਰਖ ਸੰਬੰਧਾਂ ਦੇ ਹਵਾਲੇ ਨਾਲ ਕੁਝ ਇਸੇ ਕਿਸਮ ਦੀ ਵਿਰੋਧਾਭਾਸੀ ਸਥਿਤੀ ਵਲ ਸੰਕੇਤ ਕਰਦੀ ਹੈਇਸ ਗੱਲ ਦਾ ਅਹਿਸਾਸ ਗੁਰਬਾਣੀ ਦੇ ਪਾਠ ਅਤੇ ਪ੍ਰਵਚਨ ਵਿਚ ਵਰਤੀਆਂ ਗਈਆਂ ਉਨ੍ਹਾਂ ਸੰਚਾਰ-ਜੁਗਤਾਂ ਦੇ ਮਾਧਿਅਮ ਰਾਹੀਂ ਸਹਿਜੇ ਹੀ ਹੋ ਜਾਂਦਾ ਹੈ ਜਿਨ੍ਹਾਂ ਵਿਚ ਇਸਤਰੀ-ਪੁਰਖ ਸੰਬੰਧਾਂ ਨੂੰ ਅਰਥ-ਸਿਰਜਣ ਦਾ ਆਧਾਰ ਬਣਾਇਆ ਗਿਆ ਹੈਇਨ੍ਹਾਂ ਸੰਚਾਰ-ਜੁਗਤਾਂ ਦਾ ਭਾਸ਼ਾਈ ਮੁਹਾਵਰਾ ਅਤੇ ਉਸ ਵਿਚਲਾ ਸਾਮਾਜਿਕ ਸੰਦਰਭ ਮਰਦ-ਪ੍ਰਧਾਨ ਸਾਮਾਜਿਕ ਵਿਵਸਥਾ ਅਤੇ ਨਾ-ਬਰਾਬਰ ਰਿਸ਼ਤਿਆ ਦੀ ਸਾਖੀ ਭਰਦਾ ਹੈਤਾਂ ਵੀ ਗੁਰਬਾਣੀ ਦੇ ਪ੍ਰਵਚਨ ਵਿਚ ਪੇਸ਼ ਹੋਇਆ ਨਾਰੀ-ਬਿੰਬ ਨਿਰੋਲ ਦਮਿਤ ਜਾਂ ਪੀੜਤ ਨਾਰੀ ਦੇ ਰੂਪ ਵਿਚ ਉਜਾਗਰ ਨਹੀਂ ਹੁੰਦਾ ਸਗੋਂ ਵਿਚਾਰਧਾਰਾਈ ਪਰਿਪੇਖ ਵਿਚ ਬਹੁ-ਪਾਸਾਰੀ ਅਰਥ-ਸਾਰਥਕਤਾ ਗ੍ਰਹਿਣ ਕਰ ਜਾਂਦਾ ਹੈਮਹਤਵਪੂਰਣ ਗੱਲ ਇਹ ਹੈ ਕਿ ਇਹ ਬਹੁ-ਪਾਸਾਰੀ ਨਾਰੀ-ਬਿੰਬ ਵਿਰੋਧਾਭਾਸੀ ਹੀ ਹੈ ਵਿਰੋਧਾਭਾਵੀ ਨਹੀਂਹਥਲੇ ਪਰਚੇ ਵਿਚ ਸਾਡਾ ਸਰੋਕਾਰ ਗੁਰਬਾਣੀ ਦੇ ਪਾਠ ਅਤੇ ਪ੍ਰਵਚਨ ਵਿਚ ਪੇਸ਼ ਹੋਏ ਇਸ ਬਹੁ-ਪਾਸਾਰੀ ਨਾਰੀ ਬਿੰਬ ਦਾ ਵਿਸ਼ਲੇਸ਼ਣ ਕਰਨ ਨਾਲ ਹੈਇਸ ਮੰਤਵ ਲਈ ਅਸੀਂ ਅਜੋਕੇ ਵਿਸ਼ਵ-ਚਿੰਤਨ ਦੀ ਮਹੱਤਵਪੂਰਣ ਚਿੰਤਨਧਾਰਾ ਨਾਰੀਵਾਦ / ਨਾਰੀਵਾਦੀ ਆਲੋਚਨਾ-ਪ੍ਰਣਾਲੀ ਨਾਲ ਸੰਵਾਦ ਰਚਾਉਣਾ ਉਚਿਤ ਸਮਝਿਆ ਹੈਦੂਸਰੇ ਸ਼ਬਦਾਂ ਵਿਚ ਅਸੀਂ ਗੁਰਬਾਣੀ ਦੇ ਮੱਧਕਾਲੀ ਪਾਠ ਦੀ ਨਾਰੀਵਾਦੀ ਪੜ੍ਹਤ ਤਿਆਰ ਕਰਨ ਦੀ ਚੇਸ਼ਟਾ ਕੀਤੀ ਹੈ
            ਸੱਭ ਤੋਂ ਪਹਿਲਾਂ ਗੁਰਬਾਣੀ ਦੇ ਪ੍ਰਵਚਨ ਵਿਚ ਮੂਰਤੀਮਾਨ ਹੋਣ ਵਾਲੇ ਨਾਰੀ ਦੇ ਹਾਂ-ਪੱਖੀ ਬਿੰਬ ਬਾਰੇ ਚਰਚਾ ਕਰਨੀ ਉਚਿਤ ਹੈ ਕਿਉਂਜੋ ਇਸਦਾ ਸੰਬੰਧ ਇਸ ਵਿਚਲੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਸੁਚੇਤ ਪ੍ਰਾਜੈਕਟ ਨਾਲ ਹੈਮੁੱਢਲੀ ਗੱਲ ਇਹ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਭਾਰਤੀ ਧਰਮ ਅਤੇ ਦਰਸ਼ਨ ਦੀ ਪੁਰਾਤਨ ਪਰੰਪਰਾ ਅਨੁਸਾਰ ਪੁਰਖ ਅਤੇ ਇਸਤਰੀ ਨੂੰ ਇਕ ਦੂਸਰੇ ਦੇ ਪੂਰਕ ਤੱਤਾਂ ਵਜੋਂ ਪਰਿਭਾਸ਼ਿਤ ਕਰਨ ਦਾ ਉਪਰਾਲਾ ਕੀਤਾ ਹੈਇਸ ਪਰਸਪਰ ਪੂਰਕ ਸਥਿਤੀ ਦਾ ਦੈਵੀ ਮਾਡਲ ਅਰਧਨਾਰੀਸ਼ਵਰ ਦਾ ਸੰਕਲਪ ਹੈ ਜੋ ਭਾਰਤੀ ਪਰੰਪਰਾ ਦੀ ਬਿਹਤਰੀਨ ਪ੍ਰਾਪਤੀ ਸਵੀਕਾਰ ਕੀਤੀ ਜਾ ਸਕਦੀ ਹੈਇਹ ਸਰਬ-ਉੱਚ ਦੈਵੀ ਹਸਤੀ ਅਤੇ ਹੋਂਦ ਨੂੰ ਪੁਰਖ ਅਤੇ ਨਾਰੀ ਦਾ ਸੰਜੋਗ ਮੰਨਦਾ ਹੈਅਰਥਾਤ ਇਕ ਤੋਂ ਬਿਨਾ ਦੂਸਰੇ ਦੀ ਹੋਂਦ ਅਧੂਰੀ ਹੈਗੁਰਬਾਣੀ ਵਿਚ ਇਸ ਤੱਥ ਦਾ ਸਪਸ਼ਟ ਪ੍ਰਗਟਾਵਾ ਨਿਮਨ-ਅੰਕਿਤ ਪੰਗਤੀਆਂ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ :                         
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ
ਧੁਨਿ ਮਹਿ ਧਿਆਨੁ ਧਿਆਨ
ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ 3॥ 
            ਇਨ੍ਹਾਂ ਪੰਗਤੀਆਂ ਵਿਚ ਬਾਣੀਕਾਰ ਨੇ ਬ੍ਰਹਿਮੰਡੀ ਚੇਤਨਾ ਦੇ ਉਸ ਪਰਮ ਛਿਣ ਦੀ ਸੰਕਲਪਨਾ ਪੇਸ਼ ਕੀਤੀ ਹੈ ਜਿਥੇ ਸ੍ਰਿਸ਼ਟੀ-ਰਚਨਾ ਵਿਚਲੀ ਸਮੁੱਚੀ ਦਵੈਤ ਖਤਮ ਹੋ ਜਾਂਦੀ ਹੈਇਹੀ ਅਰਧਨਾਰੀਸ਼ਵਰ ਦੀ ਸਥਿਤੀ ਹੈਧਿਆਨ ਨਾਲ ਦੇਖਿਆ ਜਾਵੇ ਤਾਂ ਅਰਧਨਾਰੀਸ਼ਵਰ ਦੇ ਇਸ ਦੈਵੀ ਮਾੱਡਲ ਵਿਚ ਇਸਤਰੀ ਪੁਰਖ ਦੀ ਰੂਹਾਨੀ ਏਕਤਾ ਅਤੇ ਸਮਾਨਤਾ ਦਾ ਭਾਵ ਵੀ ਛੁਪਿਆ ਹੋਇਆ ਹੈ ਅਤੇ ਦੋਹਾਂ ਦੇ ਪਰਸਪਰ ਸਹਿਯੋਗ ਦੀ ਅਨਿਵਾਰਤਾ ਦਾ ਅਹਿਸਾਸ ਵੀ ਉਜਾਗਰ ਹੁੰਦਾ ਹੈਇਸੇ ਤੱਥ ਨੂੰ ਪ੍ਰਾਮਾਣਿਤ ਕਰਨ ਵਾਲੀਆਂ ਕੁਝ ਹੋਰ ਪੰਗਤੀਆਂ ਪੇਸ਼ ਹਨ :
         ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ
          ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ 5
ਆਪੇ ਪੁਰਖੁ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ 5
            ਭਾਵੇਂ ਪੱਛਮ ਦੀ ਅਜੋਕੀ ਨਾਰੀਵਾਦੀ ਲਹਿਰ ਨੇ ਨਾਰੀ ਅਤੇ ਪੁਰਖ ਦੀ ਬਰਾਬਰੀ ਦਾ ਸੰਕਲਪ ਕਿਸੇ ਦੈਵੀ ਮਾੱਡਲ ਨੂੰ ਮੁੱਖ ਰੱਖ ਕੇ ਨਹੀਂ ਸਿਰਜਿਆ ਸਗੋਂ ਇਸਨੂੰ ਸਮਾਜ-ਸਭਿਆਚਾਰ ਦੇ ਧਰਮ-ਨਿਰਪੇਖ ਧਰਾਤਲ ਉੱਤੇ ਉਸਾਰਨ ਦਾ ਉਪਰਾਲਾ ਕੀਤਾ ਹੈਇਸ ਮੰਤਵ ਲਈ ਇਸ ਨੇ ਸਾਮਾਜਿਕ ਰਿਸ਼ਤਿਆਂ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਵਿਸ਼ਲੇਸ਼ਣ ਉੱਤੇ ਹੀ ਬਲ ਦਿੱਤਾ ਹੈ ਪਰ ਇਸ ਲਹਿਰ ਦਾ ਅੰਤਿਮ ਉਦੇਸ਼ ਸ਼ਾਇਦ ਇਸੇ ਕਿਸਮ ਦੇ ਮਾੱਡਲ ਦੀ ਤਲਾਸ਼ ਰਿਹਾ ਹੈ
            ਗੁਰਬਾਣੀ ਦੇ ਪ੍ਰਵਚਨ ਵਿਚ ਪੇਸ਼ ਹੋਏ ਨਾਰੀ ਦੇ ਹਾਂ-ਪੱਖੀ ਬਿੰਬ ਦਾ ਇਕ ਹੋਰ ਪ੍ਰਮਾਣ ਇਸ ਤੱਥ ਤੋਂ ਵੀ ਮਿਲਦਾ ਹੈ ਕਿ ਇਥੇ ਨਾਰੀ ਨੂੰ ਆਤਮਾ ਜਾਂ ਜੀਵ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਗਿਆ ਹੈਬਾਣੀਕਾਰ ਆਪਣੇ ਰਹੱਸ-ਅਨੁਭਵ ਜਾਂ ਆਪਣੀ ਭਾਵਨਾਤਮਕ ਤੀਬਰਤਾ ਦਾ ਪ੍ਰਗਟਾਵਾ ਕਰਨ ਲਈ ਪਾਰਗਾਮੀ ਹੋਂਦ ਨੂੰ ਪ੍ਰੀਤਮ ਜਾਂ ਕੰਤ ਦੇ ਰੂਪ ਵਿਚ ਸੰਕਲਪਦੇ ਹਨ ਅਤੇ ਖ਼ੁਦ ਨੂੰ ਵਿਯੋਗਣ ਨਾਰੀ ਦੇ ਰੂਪ ਵਿਚਇਸ ਤਰ੍ਹਾਂ ਇਥੇ ਨਾਰੀ ਪਾਰਗਾਮੀ ਅਨੁਭਵ ਅਤੇ ਬ੍ਰਹਿਮੰਡੀ ਚੇਤਨਾ ਦਾ ਪਰਮ-ਚਿਹਨ ਬਣ ਜਾਂਦੀ ਹੈਅਸਲ ਵਿਚ ਇਹ ਸਮੁੱਚੇ ਭਗਤੀ ਕਾਵਿ ਦਾ ਸਰਬ-ਸਾਂਝਾ ਲੱਛਣ ਹੈਇਸਦੇ ਅੰਤਰਗਤ ਪ੍ਰੇਮ-ਭਗਤੀ ਦੇ ਹਵਾਲੇ ਨਾਲ ਜੀਵ ਅਤੇ ਬ੍ਰਹਮ ਦੀ ਰਹੱਸਵਾਦੀ ਏਕਤਾ ਉੱਤੇ ਬਲ ਦਿੱਤਾ ਜਾਂਦਾ ਹੈਗੁਰਬਾਣੀ ਵਿਚ ਇਸ ਤੱਥ ਦੇ ਅਨੇਕਾਂ ਹਵਾਲੇ ਮਿਲਦੇ ਹਨਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
            ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ
ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ
ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ
ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ 3
            ਇਹ ਗੱਲ ਪੰਜਾਬੀ ਸੂਫ਼ੀ ਸ਼ਾਇਰੀ ਉੱਤੇ ਵੀ ਲਾਗੂ ਹੁੰਦੀ ਹੈ ਜਿਸ ਵਿਚ ਬੰਦੇ ਅਤੇ ਖ਼ੁਦਾ ਨੂੰ ਜੋੜਨ ਵਾਲੀ ਕੜੀ ਇਸ਼ਕ-ਹਕੀਕੀ ਨੂੰ ਤਸੱਵਰ ਕੀਤਾ ਗਿਆ ਹੈਪਰ ਇਸ ਪਾਰਗਾਮੀ ਅਨੁਭਵ ਅਤੇ ਬੋਧ ਨੂੰ ਪਰਮ-ਚਿਹਨ ਬਣਾ ਕੇ ਪੇਸ਼ ਕਰਨ ਦਾ ਇਕ ਦੂਸਰਾ ਪਹਿਲੂ ਵੀ ਹੈਇਸ ਨਾਰੀ ਬਿੰਬ ਨੂੰ ਉਸਾਰਨ ਲਈ ਬਾਣੀਕਾਰਾਂ ਨੇ ਇਸਤਰੀ-ਪੁਰਖ ਸੰਬੰਧਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਰਿਸ਼ਤਿਆਂ ਦੀ ਤਤਕਾਲੀਨ ਵਿਆਕਰਣ ਨੂੰ ਹੀ ਮੁੱਖ ਰੱਖਿਆ ਹੈਇਸ ਵਿਚ ਪੇਸ਼ ਹੋਈ ਨਾਰੀ ਸਮਾਜ-ਨਿਰਪੇਖ ਨਹੀਂ ਸਗੋਂ ਸਮਾਜ-ਸਾਪੇਖ ਹੈਉਹ ਬਿਰਹੁੰ-ਕੁਠੀ ਕਾਮਨੀ ਵੀ ਹੈ ਅਤੇ ਸੁਹਾਗਣੀ ਜਾਂ ਦੁਹਾਗਣੀ ਵੀਇਸੇ ਤਰ੍ਹਾਂ ਇਸ ਪ੍ਰਵਚਨ ਵਿਚ ਨਾਰੀ ਲਈ ਅਨੇਕਾਂ ਸ਼ਬਦ ਵਰਤੇ ਗਏ ਹਨ ਜਿਵੇਂ - ਇਸਤਰੀ, ਨਾਰ, ਨਾਰੀ, ਕਾਮਨੀ, ਮੋਹਨੀ, ਸੁਹਾਗਣ, ਦੁਹਾਗਣ, ਧਨ, ਰੰਨਇਨ੍ਹਾਂ ਸ਼ਬਦਾਂ ਦੀਆਂ ਆਪੋ ਆਪਣੀਆਂ ਅਰਥ-ਧੁਨੀਆਂ ਹਨ ਜੋ ਅੰਤਿਮ ਤੌਰ ਤੇ ਸਾਮਾਜਿਕ ਸੰਦਰਭ ਨਾਲ ਜਾ ਜੁੜਦੀਆਂ ਹਨਬਾਣੀਕਾਰਾਂ ਨੇ ਪਤੀ-ਪਤਨੀ, ਧਨ-ਪਿਰ ਦੇ ਰਵਾਇਤੀ ਮਾੱਡਲ ਨੂੰ ਕਾਵਿ-ਸੰਚਾਰ ਦੀ ਜੁਗਤ ਬਣਾਇਆ ਹੈਇਸ ਪ੍ਰਵਚਨ ਦੀ ਭਾਸ਼ਾਈ ਵਿਆਕਰਣ ਤਤਕਾਲੀ ਸਮਾਜ-ਸਭਿਆਚਾਰ ਦੀ ਮਰਦ-ਪ੍ਰਧਾਨ ਵਿਵਸਥਾ ਵਲ ਸੰਕੇਤ ਕਰਦੀ ਹੈਇਹੀ ਕਾਰਣ ਹੈ ਕਿ ਇਸ ਵਿਚਲਾ ਨਾਰੀ-ਬਿੰਬ ਰਿਸ਼ਤਿਆਂ ਦੀ ਵਾਸਤਵਿਕਤਾ ਨੂੰ ਵੀ ਮੂਰਤੀਮਾਨ ਕਰਦਾ ਹੈ ਜੋ ਪਤੀ-ਪਤਨੀ ਦੇ ਹਵਾਲੇ ਨਾਲ ਨਾ-ਬਰਾਬਰ ਰਿਸ਼ਤਿਆਂ ਅਤੇ ਅਧੀਨਗੀ ਦੀ ਦੱਸ ਪਾਉਂਦਾ ਹੈਇਸ ਮੰਤਵ ਲਈ ਗੁਰਬਾਣੀ ਦੇ ਪ੍ਰਵਚਨ ਵਿਚੋਂ ਕੁਝ ਪੰਗਤੀਆਂ ਪੇਸ਼ ਹਨ :
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ 126
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ 127
            ਇਥੇ ਗੱਲ ਤਾਂ ਭਾਵੇਂ ਆਤਮ ਅਤੇ ਬ੍ਰਹਮ ਦੇ ਰੂਹਾਨੀ ਸੰਚਾਰ / ਸੰਵਾਦ ਦੀ ਹੋ ਰਹੀ ਹੈ ਪਰ ਭਾਸ਼ਾ ਪਤੀ-ਪਤਨੀ ਦੇ ਸਾਮਾਜਿਕ ਰਿਸ਼ਤੇ ਨਾਲ ਜੁੜੀ ਹੋਈ ਹੈਇਸੇ ਲਈ ਇਨ੍ਹਾਂ ਪੰਗਤੀਆਂ ਵਿਚ ਪੇਸ਼ ਹੋਇਆ ਨਾਰੀ-ਬਿੰਬ ਪਤੀ-ਪਤਨੀ ਦੇ ਰਵਾਇਤੀ ਨਾ-ਬਰਾਬਰ ਰਿਸ਼ਤੇ ਦੀ ਹੀ ਟੋਹ ਦਿੰਦਾ ਹੈਅਸਲ ਗੱਲ ਇਹ ਹੈ ਕਿ ਗੁਰਬਾਣੀ ਦਾ ਪ੍ਰਵਚਨ ਆਪਣੇ ਵੇਲੇ ਦੇ ਸਾਮਾਜਿਕ ਚਿਹਨ-ਪ੍ਰਬੰਧਾਂ ਨੂੰ ਹੀ ਅਰਥਾਂ ਦੇ ਸੰਚਾਰ ਲਈ ਵਰਤਣ ਵਲ ਰੁਚਿਤ ਹੈ ਅਤੇ ਇਹ ਚਿਹਨ-ਪ੍ਰਬੰਧ ਵੇਲੇ ਦੀ ਸਾਮਾਜਿਕ ਆਰਥਿਕ ਬਣਤਰ ਅਨੁਸਾਰ ਪੁਰਖ-ਪ੍ਰਧਾਨ ਵਿਵਸਥਾ ਦਾ ਅੰਗ ਹਨਮਿਸਾਲ ਵਜੋਂ ਕੁਝ ਹੋਰ ਪੰਗਤੀਆਂ ਪੇਸ਼ ਹਨ :
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ 
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ
ਮਾਠਿ ਗੁੰਦਾਇ ਪਟੀਆ ਭਰੀਐ ਮਾਗ ਸੰਧੂਰੇ
ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ 
ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ
ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ
ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ
ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ
            ਹਰਿ ਜੀਉ ਇਉ ਪਿਰੁ ਰਾਵੈ ਨਾਰਿ
ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ 1ਰਹਾਉ
            ਇਸ ਤਰ੍ਹਾਂ ਗੁਰਬਾਣੀ ਦੇ ਸਮੁੱਚੇ ਸਿਰਜਿਤ ਪ੍ਰਵਚਨ ਵਿਚ ਨਾਰੀ ਦਾ ਬਿੰਬ ਇਕੋ ਵੇਲੇ ਰੂਹਾਨੀਅਤ ਦਾ ਪਰਮ-ਚਿਹਨ ਵੀ ਹੈ ਅਤੇ ਤਤਕਾਲੀਨ ਮਰਦ-ਪ੍ਰਧਾਨ ਸਾਮਾਜਿਕ ਯਥਾਰਥ ਦੀ ਵਾਸਤਵਿਕਤਾ ਨੂੰ ਵੀ ਪ੍ਰਗਟਾਉਂਦਾ ਹੈਇਸ ਵਿਚਲਾ ਵਿਚਾਰਧਾਰਾ ਅਤੇ ਕਾਵਿ-ਭਾਸ਼ਾ ਦਾ ਵਿਰੋਧਾਭਾਸ ਇਸੇ ਹੀ ਕਾਰਣ ਹੈਬਾਣੀਕਾਰਾਂ ਦੀ ਵਿਚਾਰਧਾਰਾ ਪ੍ਰਤੱਖ ਤੌਰ ਤੇ ਨਾਰੀ ਨਿੰਦਕਾਂ ਦਾ ਵਿਰੋਧ ਕਰਨ ਵਾਲੀ ਅਤੇ ਨਾਰੀ ਨੂੰ ਲੋੜੀਂਦਾ ਸਨਮਾਨ ਦੇਣ ਵਾਲੀ ਹੈ ਪਰ ਇਸਦਾ ਪ੍ਰਵਚਨ ਜਿਸ ਭਾਸ਼ਾ ਵਿਚ ਪੇਸ਼ ਹੋਇਆ ਹੈ ਉਹ ਤਤਕਾਲੀਨ ਸਾਮਾਜਿਕ ਵਿਵਸਥਾ ਨਾਲ ਸੰਬੰਧਿਤ ਹੈ ਜਿਸ ਵਿਚ ਮਰਦ ਦੀ ਸਰਦਾਰੀ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਾਰੀਵਾਦੀ ਪੜ੍ਹਤ ਤਿਆਰ ਕਰਨ ਲਈ ਇਸ ਵਿਰੋਧਾਭਾਸ ਨੂੰ ਧਿਆਨ ਵਿਚ ਰੱਖਣਾ ਅਤਿਅੰਤ ਜ਼ਰੂਰੀ ਹੈ

[1] Barker, Chris; Cultural Studies, Theory and Practice, Sage, p – 225.
[2] Stevi Jackson and Jackie Jones (eds.) Contemporary Feminist Theories, New York Uni. Press, p-22-23.
[3] ਗੁਰੂ ਗ੍ਰੰਥ ਸਾਹਿਬ, ਪੰਨਾ -15

[4] ਓਹੀ, ਪੰਨਾ - 473.

No comments:

Post a Comment