Welcome


Welcome to Punjabi Studies ਪੰਜਾਬੀ ਅਧਿਐਨ ਵਲੋਂ ਤੁਹਾਡਾ ਸਵਾਗਤ ਹੈ।

ਇਸ ਬਲਾਗ ਉੱਤੇ ਪੰਜਾਬੀ ਸਾਹਿਤਅ, ਸਭਿਆਚਾਰ ਅਤੇ ਲੋਕਧਾਰਾ ਨਾਲ
ਸੰਬੰਧਿਤ ਸਿਧਾਂਤਕ ਅਤੇ ਵਿਹਾਰਕ ਲੇਖ ਪੋਸਟ ਕੀਤੇ ਜਾਣਗੇ।
ਇਸ ਮੰਤਵ ਲਈ ਬਲਾਗ ਦੇ ਵਿਭਿੰਨ ਪੰਨੇ ਨਿਰਧਾਰਿਤ ਕੀਤੇ ਗਏ ਹਨ।
ਸੰਬੰਧਿਤ ਪੰਨੇ ਉੱਤੇ ਕਲਿਕ ਕਰੋ।

Folklore and Culture


(1) ਪੰਜਾਬੀ ਸਭਿਆਚਾਰ ਦੇ ਸਦੀਵੀ ਪ੍ਰੇਰਣਾ ਸਰੋਤ
ਜਗਬੀਰ ਸਿੰਘ

ਅਜੋਕੇ ਵਿਸ਼ਵ-ਚਿੰਤਨ ਵਿਚ ਮਨੁੱਖ ਦੇ ਸਭਿਆਚਾਰਕ ਵਰਤਾਰੇ ਅਤੇ ਵਿਹਾਰ ਬਾਰੇ ਭਰਪੂਰ ਸਿਧਾਂਤ-ਚਿੰਤਨ ਸਾਮ੍ਹਣੇ ਆਇਆ ਹੈ। ਇਸ ਨਵੇਂ ਚਿੰਤਨ ਨੇ ਸਭਿਆਚਾਰ ਦੀ ਰਚਨਾ-ਸੰਰਚਨਾ ਅਤੇ ਇਸਦੇ ਸਰੂਪ ਤੇ ਸੁਭਾ ਬਾਰੇ ਨਵੀਂ ਸਮਝ ਅਤੇ ਸੂਝ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਹੈ। ਇਸ ਸੰਦਰਭ ਵਿਚ ਖ਼ਾਸ ਤੌਰ ਤੇ ਸਮਾਜ-ਵਿਗਿਆਨ, ਮਾਨਵ-ਵਿਗਿਆਨ, ਅਤੇ ਸਭਿਆਚਾਰਕ ਅਧਿਐਨ (Cultural Studies) ਵਰਗੇ ਅਨੁਸ਼ਾਸਨਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਮਿਸਾਲ ਵਜੋਂ ਸਭਿਆਚਰਕ ਅਧਿਐਨ ਨਾਲ ਸੰਬੰਧਿਤ ਇਕ ਸਮਕਾਲੀ ਵਿਦਵਾਨ ਕ੍ਰਿਸ ਬਾਰਕਰ ਨੇ ਸਭਿਆਚਰ ਨੂੰ ਪਰਿਭਾਸ਼ਿਤ ਕਰਦਿਆਂ ਆਖਿਆ ਹੈ :
“Culture is concerned with questions of shared social meanings , that is the various ways we make sense  of the world. However, meanings are not simply floating ‘out-there’; rather, they are generated through signs, most notably those of language.”
          ਭਾਵ ਇਹ ਕਿ ਸਭਿਆਚਾਰ ਦਾ ਸਰੋਕਾਰ ਉਨ੍ਹਾਂ ਸਾਂਝੇ ਸਾਮਾਜਿਕ ਅਰਥਾਂ ਨਾਲ ਜੁੜੇ ਪ੍ਰਸ਼ਨਾਂ, ਅਰਥਾਤ ਉਨ੍ਹਾਂ ਢੰਗ ਤਰੀਕਿਆਂ ਨਾਲ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਸੰਸਾਰ ਨੂੰ ਅਰਥ ਪ੍ਰਦਾਨ ਕਰਦੇ ਹਾਂ। ਪਰ ਇਹ ਅਰਥ ਹਵਾ ਵਿਚ ਨਹੀਂ ਤੈਰਦੇ ਸਗੋਂ ਵਿਭਿੰਨ ਪ੍ਰਕਾਰ ਦੇ ਚਿਹਨਾਂ ਰਾਹੀਂ ਸਿਰਜੇ ਜਾਂਦੇ ਹਨ ਜਿਨ੍ਹਾਂ ਵਿਚ ਭਾਸ਼ਾਈ ਚਿਹਨਾਂ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਇਸੇ ਤਰ੍ਹਾਂ ਇਕ ਹੋਰ ਸਮਕਾਲੀ ਵਿਦਵਾਨ ਸਟੂਅਰਟ ਹਾਲ Stuart Hall ਨੇ ਸਭਿਆਚਾਰ ਨੂੰ ਕਿਸੇ ਸਮਾਜ ਦੇ ਸਮੂਹ ਵਿਹਾਰਾਂ, ਪੇਸ਼ਕਾਰੀਆਂ, ਭਾਸ਼ਾਵਾਂ ਅਤੇ ਰਸਮਾਂ-ਰੀਤਾਂ ਦਾ ਵਾਸਤਵਿਕ ਧਰਾਤਲ ਆਖਿਆ ਹੈ। 
ਇਸ ਤਰ੍ਹਾਂ ਸਭਿਆਚਾਰ ਮਨੁੱਖ ਦੀ ਸਮੁੱਚੀ ਜੀਵਨ-ਵਿਧੀ ਦਾ ਲਖਾਇਕ ਹੈ। ਇਹ ਕਦਰਾਂ-ਕੀਮਤਾਂ, ਰਸਮਾਂ-ਰੀਤਾਂ, ਵਿਸ਼ਵਾਸ਼-ਪਰੰਪਰਾਵਾਂ, ਸੁਪਨਿਆਂ ਅਤੇ ਆਦਰਸ਼ਾਂ ਦਾ ਅਜਿਹਾ ਵਿਆਪਕ ਵਰਤਾਰਾ ਹੈ ਜੋ ਮਨੁੱਖੀ ਜੀਵਨ ਅਤੇ ਯਥਾਰਥ ਨੂੰ ਅਰਥ-ਸਾਰਥਕਤਾ ਪ੍ਰਦਾਨ ਕਰਦਾ ਹੈ। ਇਹ ਮਨੁੱਖ ਦੇ ਮਨੁੱਖ ਹੋਣ ਦੀ ਗਵਾਹੀ ਹੈ। ਪਰ ਸਭਿਆਚਾਰ ਕੋਈ ਇਕ-ਇਕਹਿਰੀ ਸਦੀਵੀ ਜਾਂ ਸਥਿਰ ਹੋਂਦ ਨਹੀਂ ਸਗੋਂ ਗਤੀਸ਼ੀਲ ਅਤੇ ਜਟਿਲ ਵਰਤਾਰਾ ਹੈ। ਕਿਸੇ ਵੀ ਮਨੁੱਖੀ ਭਾਈਚਾਰੇ ਦੀ ਸਭਿਆਚਾਰਕ ਪਛਾਣ ਭਿੰਨਤਾਵਾਂ ਅਤੇ ਸਮਾਨਤਾਵਾਂ ਦੇ ਸੰਗਠਨ ਰਾਹੀਂ ਹੋਂਦ ਵਿਚ ਆਉਂਦੀ ਹੈ। ਇਸਦੀ ਉਸਾਰੀ ਵਿਚ ਸਮਾਜਕ-ਆਰਥਕ ਦਰਜੇਬੰਦੀ ਦੇ ਆਧਾਰ ਤੇ ਵੰਡੇ ਹੋਏ ਭਿੰਨ-ਭਿੰਨ ਵਰਗ ਹਾਕਮ/ਮਹਿਕੂਮ, ਹਾਵੀ/ਦਮਿਤ, ਕੁਲੀਨ/ਦਲਿਤ - ਸ਼ਾਮਿਲ ਹੁੰਦੇ ਹਨ। ਇਸਤੋਂ ਇਲਾਵਾ ਇਤਿਹਾਸਕ  ਵਿਕਾਸ ਦੀ ਪ੍ਰਕਿਰਿਆ ਵਿਚੋਂ ਲੰਘਦਿਆਂ ਇਸ ਸਭਿਆਚਾਰਕ ਪਛਾਣ ਦਾ ਮੁਹਾਂਦਰਾ ਨਿਰੰਤਰ ਤਬਦੀਲ ਹੁੰਦਾ ਰਹਿੰਦਾ ਹੈ। ਅਰਥਾਤ ਸਭਿਆਚਾਰ ਹੋਂਦਨਾਲੋਂ ਵਧੇਰੇ ਹਮੇਸ਼ਾ ਹੋਵਣ ਦੀ ਪ੍ਰਕਿਰਿਆਵਿਚ ਰਹਿੰਦਾ ਹੈ। 
ਸਭਿਆਚਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਸ਼ਾ ਦੀ ਰਚਨਾਕਾਰੀ ਅਤੇ ਵਿਚੋਲਗੀ ਰਾਹੀਂ ਰੂਪ ਤੇ ਆਕਾਰ ਗ੍ਰਹਿਣ ਕਰਦਾ ਹੈ। ਇਹ ਭਾਸ਼ਾ ਦੀ ਸਿਰਜਣਕਾਰੀ ਸਮਰੱਥਾ ਦਾ ਹੀ ਚਮਤਕਾਰ ਹੈ ਜੋ ਦਿਸਦੇ ਸੰਸਾਰ ਦੀ ਭੌਤਿਕ ਅਤੇ ਜੀਵਾਤਮਕ ਹੋਂਦ ਨੂੰ ਅਰਥਾਂ ਦੇ ਮਾਨਵੀ ਸੰਸਾਰ ਵਿੱਚ ਤਬਦੀਲ ਕਰ ਦਿੰਦੀ ਹੈ। ਕੋਈ ਵੀ ਮਨੁੱਖੀ ਭਾਈਚਾਰਾ ਆਪਣੇ ਵਿਰਸੇ ਦੀਆਂ ਜਿਨ੍ਹਾਂ ਭਾਸ਼ਾਈ ਸੰਰਚਨਾਵਾਂ (ਅਰਥਾਤ ਲੋਕਧਾਰਾਈ ਅਤੇ ਸਾਹਿਤਕ ਸਿਰਜਣਾਵਾਂ) ਨੂੰ ਨਿਰੰਤਰ ਸਿਮਰਦਾ/ਚਿਤਵਦਾ ਰਹਿੰਦਾ ਹੈ ਉਹ ਉਸਦੇ ਅਵਚੇਤਨ ਵਿੱਚ ਜਾ ਵਸਦੀਆਂ ਹਨ ਅਤੇ ਉਸਦੀ ਨਵੇਕਲੀ ਪਛਾਣ ਦਾ ਆਧਾਰ ਹੋ ਨਿਬੜਦੀਆਂ ਹਨ। ਸੱਚ ਤਾਂ ਇਹ ਹੈ ਕਿ ਭਾਸ਼ਾ ਦੇ ਮਾਧਿਅਮ ਰਾਹੀਂ ਸਿਰਜੇ ਗਏ ਅਤੇ ਨਿਰੰਤਰ ਪੁਨਰ-ਸਿਰਜਿਤ ਹੋਣ ਵਾਲੇ ਮੌਖਿਕ ਅਤੇ ਲਿਖਤੀ ਪਾਠ ਕਿਸੇ ਮਨੁੱਖੀ ਭਾਈਚਾਰੇ ਨੂੰ ਸਭਿਆਚਾਰਕ ਪਛਾਣ ਹੀ ਪ੍ਰਦਾਨ ਨਹੀਂ ਕਰਦੇ ਸਗੋਂ ਉਸ ਲਈ ਪ੍ਰੇਰਣਾ ਦੇ ਜੀਵੰਤ ਸਰੋਤ ਬਣ ਜਾਂਦੇ ਹਨ। ਹਥਲੇ ਪਰਚੇ ਵਿੱਚ ਸਾਡਾ ਸਰੋਕਾਰ ਪੰਜਾਬੀ ਸਭਿਆਚਾਰ ਦੇ ਇਨ੍ਹਾਂ ਸਦੀਵੀ ਪ੍ਰੇਰਣਾ-ਸਰੋਤਾਂ ਦੀ ਨਿਸ਼ਾਨਦੇਹੀ ਕਰਨਾ ਹੈ। ਇਸ ਮੰਤਵ ਲਈ ਸਾਨੂੰ ਪੰਜਾਬ ਦੇ ਸਭਿਆਚਾਰਕ ਇਤਿਹਾਸ ਉੱਤੇ ਝਾਤ ਮਾਰਨੀ ਪਵੇਗੀ ਕਿਉਂਜੋ ਪੰਜਾਬੀ ਸਭਿਆਚਾਰ ਦੀ ਮੁੱਢਲੀ ਪਛਾਣ ਭਾਰਤੀ ਉਪ-ਮਹਾਦੀਪ ਦੇ ਉਸ ਭੂਗੋਲਿਕ ਖੇਤਰ ਦੇ ਹਵਾਲੇ ਨਾਲ ਹੁੰਦੀ ਹੈ ਜਿਸਨੂੰ ਪੰਜ ਦਰਿਆਵਾਂ ਦੀ ਧਰਤੀ ਜਾਂ ਪੰਜਾਬ ਆਖਿਆ ਜਾਂਦਾ ਹੈ।
          ਧਰਤੀ ਦੇ ਇਸ ਖਿੱਤੇ ਦਾ ਵਰਤਮਾਨ ਨਾਮ (ਪੰਜਾਬ) ਮੁਗ਼ਲ ਕਾਲ ਸਮੇਂ ਪਿਆ। ਇਸਤੋਂ ਪਹਿਲਾਂ ਇਸਦੇ ਕਈ ਨਾਮ ਪ੍ਰਚੱਲਤ ਸਨ ਜਿਵੇਂ - ਸਪਤ-ਸਿੰਧੂ, ਪੰਚਨਦ, ਪੰਚਾਲ, ਮੱਦ੍ਰ ਦੇਸ ਆਦਿ। ਇਸ ਧਰਤੀ ਦਾ ਸਭਿਆਚਾਰਕ ਵਿਰਸਾ ਅਤਿਅੰਤ ਪ੍ਰਚੀਨ ਹੈ। ਇਸ ਦੀਆਂ ਜੜ੍ਹਾਂ ਅੱਜ ਤੋਂ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਵਿਕਸਿਤ ਹੋਈ, ਸਿੰਧ-ਘਾਟੀ ਦੀ ਸਭਿਅਤਾ ਤਕ ਫੈਲੀਆਂ ਹੋਈਆਂ ਹਨ ਜਿਸਦੀ ਗਿਣਤੀ ਵਿਸ਼ਵ ਦੀਆਂ ਪ੍ਰਾਚੀਨ ਸਭਿਅਤਾਵਾਂ ਵਿਚ ਕੀਤੀ ਜਾਂਦੀ ਹੈ। ਭਾਵੇਂ ਇਸ ਸਭਿਅਤਾ ਦੀ ਲਿਪੀ ਹਾਲੇ ਤਕ ਉਠਾਈ ਨਹੀਂ ਜਾ ਸਕੀ ਪਰ ਪੁਰਾਤੱਤ-ਵਿਗਿਆਨੀਆਂ ਨੇ ਹੜ੍ਹਪਾ ਅਤੇ ਮੋਹਿੰਜੋੜੋ ਦੇ ਪੁਰਤਨ ਥੇਹਾਂ ਤੋਂ ਪ੍ਰਾਪਤ ਠੀਕਰ-ਮੋਹਰਾਂ ਉੱਤੇ ਉੱਕਰੇ ਚਿੱਤਰਾਂ, ਟੁੱਟੀਆਂ ਭੱਜੀਆਂ ਮੂਰਤੀਆਂ, ਖਿਡੌਣਿਆਂ, ਹਾਰ-ਸ਼ਿੰਗਾਰ ਅਤੇ ਕਫ਼ਨ-ਦਫ਼ਨ ਨਾਲ ਸੰਬੰਧਿਤ ਵਸਤਾਂ, ਧਿਆਨੀ ਮੁਦਰਾ ਵਿਚ ਬੈਠੇ ਵਿਅਕਤੀ (ਸ਼੍ਰਮਣ?) ਦੇ ਆਕਾਰ, ਇਸ਼ਨਾਨ-ਘਰ ਦੇ ਅਵਸ਼ੇਸ਼ਾਂ ਦੀ ਮੂਕ ਭਾਸ਼ਾ ਨੂੰ ਪੜ੍ਹਨ ਅਤੇ ਪੂਰਬ-ਇਤਿਹਾਸਕ ਯੁੱਗ ਦੇ ਇਸ ਲੁਪਤ ਸਭਿਆਚਾਰ ਨੂੰ ਜ਼ੁਬਾਨ ਦੇਣ ਦਾ ਉਪਰਾਲਾ ਕੀਤਾ ਹੈ।
          ਅੱਜ ਤੋਂ ਤਕਰੀਬਨ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਜਦੋਂ ਆਰੀਆ ਜਾਤੀ ਨੇ ਮੱਧ ਏਸ਼ੀਆ ਤੋਂ, ਈਰਾਨ ਦੇ ਰਸਤੇ, ਭਾਰਤ ਵਿਚ ਪ੍ਰਵੇਸ਼ ਕੀਤਾ ਅਤੇ ਤਾਂ ਇਸਦਾ ਸਾਮ੍ਹਣਾ ਇਸੇ ਸਿੰਧ-ਘਾਟੀ ਦੀ ਸਭਿਅਤਾ ਨਾਲ ਹੋਇਆ। ਆਰੀਆਂ ਨੇ ਆਪਣਾ ਪਹਿਲਾ ਨਿਵਾਸ ਸਥਾਨ ਪੰਜਾਬ ਨੂੰ ਹੀ ਬਣਾਇਆ। ਉਨ੍ਹਾਂ ਨੇ ਇਥੇ ਹੀ ਵਿਸ਼ਵ ਦੀ ਸੱਭ ਤੋਂ ਪੁਰਾਣੀ ਪੁਸਤਕ ਰਿਗ ਵੇਦ ਦੀ ਰਚਨਾ ਕੀਤੀ ਜਿਸਦੇ ਮਿਥਕ ਪ੍ਰਸੰਗਾਂ ਵਿਚ ਅਸਿੱਧੇ ਤੌਰ ਤੇ ਦੋਹਾਂ ਸਭਿਅਤਾਵਾਂ (ਆਰੀਆ/ਅਨਾਰੀਆ) ਦੇ ਸੰਘਰਸ਼ ਅਤੇ ਟਕਰਾਉ ਦੀ ਗਾਥਾ ਲੁਕੀ ਹੋਈ ਹੈ। ਮਿਸਾਲ ਵਜੋਂ ਇੰਦਰ ਦੇ ਦਾਸੂਆਂ ਦਸਯੂ)ਨੂੰ ਮਾਰ ਮੁਕਾਉਣ ਅਤੇ ਉਨ੍ਹਾਂ ਦੇ 99 ਕਿਲੇ ਮਿੱਟੀ ਵਿਚ ਮਿਲਾਉਣ ਦਾ ਪ੍ਰਸੰਗ ਇਸੇ ਗੱਲ ਵਲ ਸੰਕੇਤ ਕਰਦਾ ਹੈ। ਸਿੰਧ ਘਾਟੀ ਦੇ ਅਨੇਕਾਂ ਨਾਗ੍ਰਿਕ ਕੇਂਦਰਾਂ ਦਾ ਅਚਾਨਕ ਢਹਿ ਢੇਰੀ ਹੋ ਜਾਣ ਦਾ ਪੁਰਾਤੱਤ-ਵਿਗਿਆਨਕ ਪ੍ਰਮਾਣ ਇਸੇ ਤੱਥ ਦੀ ਪੁਸ਼ਟੀ ਕਰਦਾ ਹੈ। ਰਿਗਵੇਦ ਵਿਚ ਵਰਣਿਤ ਦਾਸੂ ਜਾਂ ਅਸੁਰ ਲੋਕ ਨਿਸ਼ਚੇ ਹੀ ਪੰਜਾਬ ਦੀ ਪੂਰਬ-ਆਰੀਆ ਜਾਤੀ ਦੇ ਲੋਕ ਸਨ ਜੋ ਆਰੀਆ ਜਾਤੀ ਦੀ ਸੈਨਿਕ ਸ਼ਕਤੀ ਅੱਗੇ ਹਾਰ ਗਏ। ਉਨ੍ਹਾਂ ਵਿਚੋਂ ਬਚੇ-ਖੁਚੇ ਲੋਕ ਜਾਂ ਤਾਂ ਦਾਸ ਬਣਾ ਲਏ ਗਏ ਅਤੇ ਜਾਂ ਜੰਗਲਾਂ ਬੀਆਬਾਨਾਂ ਵਿਚ ਜਾ ਲੁਕੇ। ਹਾਰ ਦੇ ਬੋਝ ਹੇਠਾਂ ਦਬੇ ਹੋਏ ਇਹ ਲੋਕ ਸਦੀਆਂ ਤਕ ਆਪਣੇ ਖੋਲ ਵਿਚ ਸਿਮਟੇ ਚਿੰਤਨ ਅਤੇ ਚੇਤਨਾ ਦੇ ਅੰਤਰਮੁਖੀ ਸੰਸਾਰ ਵਿਚ ਵਿਚਰਦੇ ਰਹੇ। ਇਹ ਸ਼੍ਰਮਣਾਂ ਅਤੇ ਮੁਨੀਆਂ ਦੇ ਰੂਪ ਵਿਚ ਧਰਮ, ਦਰਸ਼ਨ ਅਤੇ ਨੈਤਿਕਤਾ ਦੇ ਪ੍ਰਬੰਧ ਉਸਾਰਨ ਵਿਚ ਜੁਟੇ ਰਹੇ ਅਤੇ ਆਰੀਆਂ ਦੀ ਭੌਤਿਕ ਸ਼ਕਤੀ ਦਾ ਬੌਧਿਕ ਪ੍ਰਤਿਉੱਤਰ ਤਲਾਸ਼ ਕਰਨ ਵਲ ਰੁਚਿਤ ਰਹੇ। ਇਸਦੀ ਸਰਬੋਤਮ ਪ੍ਰਾਪਤੀ ਬੁੱਧਮਤ ਅਤੇ ਜੈਨਮਤ ਦੇ ਰੂਪ ਵਿਚ ਸਾਮ੍ਹਣੇ ਆਈ।
ਇਸਦਾ ਮੁੱਢਲਾ ਦੌਰ ਰਿਗਵੇਦ, ਮਹਭਾਰਤ ਅਤੇ ਆਦਿ ਗ੍ਰੰਥ ਵਰਗੇ ਮਹਾ-ਗ੍ਰੰਥਾਂ ਦੀ ਸਿਰਜਣਾ ਦਾ ਦੌਰ ਹੈ ਜਿਨ੍ਹਾਂ ਦਾ ਪਾਠ ਤੇ ਪ੍ਰਵਚਨ ਤਤਕਾਲੀਨ ਸਭਿਆਚਾਰ ਦੀ ਹਕੀਕਤ ਨੂੰ ਮੂਰਤੀਮਾਨ ਕਰਨ ਦੇ ਨਾਲ ਨਾਲ ਉਸਦੀ ਪੁਨਰ-ਉਸਾਰੀ ਵੀ ਕਰਦਾ ਹੈ। ਇਸਤੋਂ ਇਲਾਵਾ ਇਸ ਦੌਰ ਵਿਚ ਸੂਫ਼ੀ ਕਾਵਿ, ਕਿੱਸਾ ਕਾਵਿ ਅਤੇ ਵੀਰ ਕਾਵਿ ਵਰਗੀਆਂ ਮਹੱਤਵਪੂਰਣ ਸਾਹਿਤਕ ਧਾਰਾਵਾਂ ਸਾਮ੍ਹਣੇ ਆਉਂਦੀਆਂ ਹਨ ਜੋ ਆਪੋ ਆਪਣੇ ਢੰਗ ਨਾਲ ਪੰਜਾਬੀ ਸਭਿਆਚਾਰ ਦੇ ਜੀਵੰਤ ਸਰੋਕਾਰਾਂ ਅਤੇ ਉਸਦੀ ਨਵੇਕਲੀ ਜੀਵਨ-ਜਾਚ ਦੀ ਤਰਜਮਾਨੀ ਕਰਦੀਆਂ ਹਨ। ਇਹ ਪੰਜਾਬੀ ਬੰਦੇ ਨੂੰ ਰੂਹਾਨੀਅਤ, ਆਸ਼ਕੀ, ਫ਼ਕੀਰੀ ਅਤੇ ਬਹਾਦਰੀ ਨਵੇਂ ਪ੍ਰਤਿਮਾਨ ਵੀ ਪ੍ਰਦਾਨ ਕਰਦੀਆਂ ਹਨ।
ਇਸ ਤਰ੍ਹਾਂ ਰਿਗਵੇਦ ਪੰਜਾਬੀ ਵਿਰਸੇ ਦੀ ਪਹਿਲੀ ਸਾਹਿਤਕ ਸਿਰਜਣਾ ਹੈ। ਇਸਦਾ ਪਾਠ ਅਤੇ ਪ੍ਰਵਚਨ ਜੇਤੂ ਸਭਿਆਚਰ ਦੀ ਵਿਜੈ-ਯਾਤਰਾ ਨੂੰ ਵੀ ਮੂਰਤੀਮਾਨ ਕਰਦਾ ਹੈ ਅਤੇ ਪੰਜਾਬੀ ਬੰਦੇ ਦੀ ਮਾਨਸਿਕਤਾ, ਉਸਦੀ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਵਿਧੀ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਪ੍ਰਕਿਰਤਕ ਸ਼ਕਤੀਆਂ ਦੇ ਦੈਵੀਕਰਣ ਰਾਹੀਂ ਇਹ ਸੁਖ-ਸਮ੍ਰਿਧੀ ਦੀ ਲਾਲਸਾ ਅਤੇ ਕਾਮਨਾ ਦੇ ਜਸ਼ਨ ਦਾ ਪ੍ਰਵਚਨ ਵੀ ਸਿਰਜਦਾ ਹੈ ਅਤੇ ਬ੍ਰਮਿੰਡੀ ਚੇਤਨਾ ਦਾ ਸੰਚਾਰ ਵੀ ਕਰਦਾ ਹੈ।
          ਮੁੱਢਲੇ ਟਕਰਾਉ ਤੋਂ ਬਾਦ ਆਰੀਆ ਅਤੇ ਪੂਰਬ-ਆਰੀਆ ਸਭਿਆਚਾਰਾਂ ਵਿਚਕਾਰ ਬੌਧਿਕ ਸੰਵਾਦ ਦੀ ਸਥਿਤੀ ਦਾ ਉੱਭਰਨਾ ਵੀ ਸੁਭਾਵਕ ਹੀ ਸੀ। ਇਸਦੇ ਸਿੱਟੇ ਵਜੋਂ ਉਪਨਿਸ਼ਦਾਂ ਅਤੇ ਦਰਸ਼ਨਸ਼ਾਸਤਰਾਂ ਦੀ ਰਚਨਾ ਹੋਈ ਜਿਸਨੂੰ ਪਰੋਖ ਰੂਪ ਵਿਚ ਆਰੀਆ ਅਤੇ ਪੂਰਬ-ਆਰੀਆ ਚਿੰਤਨ ਵਿਚਕਾਰ ਸੰਵਾਦ ਦੀ ਉਪਜ ਮੰਨਿਆਂ ਜਾ ਸਕਦਾ ਹੈ। ਇਨ੍ਹਾਂ ਸਮਨਵੈਕਾਰੀ ਗਤੀ-ਵਿਧੀਆਂ ਨੇ ਪੰਜਾਬ ਅਤੇ ਭਾਰਤ ਵਿਚ ਇਕ ਵਿਸ਼ੇਸ਼ ਭਾਂਤ ਦੇ ਸਾਂਝੇ-ਮਿੱਸੇ ਸਭਿਆਚਾਰ ਨੂੰ ਜਨਮ ਦਿੱਤਾ। ਇਸੇ ਦੌਰ ਵਿਚ ਰਾਮਾਇਣ ਅਤੇ ਮਹਾਭਾਰਤ ਵਰਗੇ ਮਹਾਕਾਵਿਆਂ ਦੀ ਸਿਰਜਣਾ ਵੀ ਸਾਮ੍ਹਣੇ ਆਉਂਦੀ ਹੈ ਜਿਨ੍ਹਾਂ ਵਿਚਲੇ ਅਨੇਕਾਂ ਮਿਥਕ ਬਿਰਤਾਂਤ ਦੋਹਾਂ ਸਭਿਆਚਾਰਾਂ ਦੇ ਸੁਮੇਲ  ਦੀ ਦੱਸ ਪਾਉਂਦੇ ਹਨ। ਭਾਵੇਂ ਇਨਾਂ ਦੋਹਾਂ ਮਹਾਕਾਵਿਆਂ ਦੇ ਨਾਇਕ (ਰਾਮ ਅਤੇ ਕ੍ਰਿਸ਼ਣ) ਪੰਜਾਬ ਦੀ ਧਰਤੀ ਤੋਂ ਬਾਹਰਲੇ ਹਨ ਅਤੇ ਇਨ੍ਹਾਂ ਵਿਚਲੀ ਕਥਾ-ਵਸਤੂ ਅਤੇ ਥੀਮ ਸਰਬ-ਭਾਰਤੀ ਮਹੱਤਵ ਰੱਖਦੀ ਹੈ ਪਰ ਇਨ੍ਹਾਂ ਵਿਚਲੇ ਅਨੇਕਾਂ ਕਥਾ-ਪ੍ਰਸੰਗ ਪੰਜਾਬ ਦੀ ਧਰਤੀ ਅਤੇ ਉਸਦੀਆਂ ਸਭਿਆਚਾਰਕ ਰਵਾਇਤਾਂ ਨੂੰ ਵੀ ਮੂਰਤੀਮਾਨ ਕਰਦੇ ਹਨ। ਖ਼ਾਸ ਤੌਰ ਤੇ ਮਹਾਭਾਰਤ ਵਿਚਲੀ ਕਥਾ-ਵਸਤੂ ਦਾ ਮੂਲ ਘਟਨਾ ਸਥਲ ਤਾਂ ਉਸ ਵੇਲੇ ਦਾ ਪੰਜਾਬ ਹੀ ਹੈ ਅਤੇ ਕੁਝ ਵਿਦਵਾਨਾਂ ਅਨੁਸਾਰ ਇਸਦੀ ਸਰਿਜਣਾ ਵੀ ਸ਼ਾਇਦ ਪੰਜਾਬ ਦੀ ਧਰਤੀ ਤੇ ਹੀ ਹੋਈ ਹੈ। ਇਸ ਤਰ੍ਹਾਂ ਰਿਗਵੇਦ ਅਤੇ ਮਹਾਭਾਰਤ ਪੰਜਾਬ ਦੀ ਸਾਹਿਤਕ ਅਤੇ ਸਭਿਆਚਾਰਕ ਵਿਰਾਸਤ ਅੰਗ ਹਨ। ਇਨ੍ਹਾਂ ਵਿਚ ਉਸ ਵੇਲੇ ਦਾ ਪੰਜਾਬੀ ਸਭਿਆਚਾਰ ਭਲੀ ਭਾਂਤ ਪ੍ਰਤਿਬਿੰਬਿਤ ਹੁੰਦਾ ਹੈ।
          ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿਚ ਹਮਲਾਵਰ ਦੇ ਰੂਪ ਵਿਚ ਦਾਖ਼ਲ ਹੋਏ ਬਾਹਰਲੇ ਸਭਿਆਚਾਰਾਂ ਦਾ ਵਿਆਪਕ ਪ੍ਰਭਾਵ ਰਿਹਾ ਹੈ। ਮੁੱਢਲੇ ਆਰੀਆ ਕਬੀਲਿਆਂ ਤੋਂ ਬਾਦ ਸ਼ੱਕ, ਹੁੱਨ, ਸੀਥੀਅਨ ਆਦਿ ਹੋਰ ਅਨੇਕਾਂ ਜੰਗਜੂ ਕਬੀਲੇ ਇਥੇ ਆਉਂਦੇ ਰਹੇ। ਇਹ ਧਾੜਵੀ ਕਬੀਲੇ ਜਾਂ ਤਾਂ ਉਥਲ-ਪੁਥਲ ਮਚਾ ਕੇ ਵਾਪਸ ਪਰਤ ਜਾਂਦੇ ਰਹੇ ਅਤੇ ਜਾਂ ਇਸ ਜ਼ਰਖ਼ੇਜ਼ ਸਰਜ਼ਮੀਨ ਉੱਤੇ ਵਸ ਜਾਂਦੇ ਰਹੇ। ਇਨ੍ਹਾਂ ਨੇ ਪੰਜਾਬ ਦੇ ਸਾਂਝੇ ਸਭਿਆਚਾਰ ਦੀ ਉਸਾਰੀ ਵਿਚ ਆਪੋ ਆਪਣਾ ਯੋਗਦਾਨ ਪਾਇਆ। 326 ਈਸਾ ਪੂਰਬ ਵਿਚ ਸਿਕੰਦਰ ਮਹਾਨ ਆਖੇ ਜਾਣ ਵਾਲੇ ਧਾੜਵੀ ਨੇ ਵੱਡੇ ਲਸ਼ਕਰ ਸਮੇਤ ਪੰਜਾਬ ਉੱਤੇ ਹਮਲਾ ਕੀਤਾ। ਸਥਾਨਕ ਰਾਜਾਂ ਦੀ ਆਪਸੀ ਫੁੱਟ ਕਾਰਣ ਸ਼ੁਰੂ ਸ਼ੁਰੂ ਵਿਚ ਉਸਨੂੰ ਕਾਫੀ ਸਫਲਤਾ ਵੀ ਪ੍ਰਾਪਤ ਹੋਈ ਪਰ ਪੰਜਾਬ ਦੇ ਗਣਤੰਤਰੀ ਕਬੀਲਿਆਂ ਦੀਆਂ ਗੁਰੀਲਾ-ਯੁੱਧ ਦੀਆਂ ਕਾਰਵਾਈਆਂ ਨੇ  ਉਸਦੀ ਫੌਜ ਦੇ ਹੌਸਲੇ ਪਸਤ ਕਰ ਦਿੱਤੇ ਅਤੇ ਉਹ ਆਪਣੇ ਜਿੱਤੇ ਹੋਏ ਕੁਝ ਇਲਾਕਿਆਂ ਵਿਚ ਆਪਣੇ ਸਤਰਪ ਮੁਕੱਰਰ ਕਰਕੇ ਲਾਮ-ਲਸ਼ਕਰ ਸਮੇਤ ਵਾਪਸ ਪਰਤ ਗਿਆ। ਪੰਜਾਬ ਦੀ ਉੱਤਰ-ਪੱਛਮੀ ਸਰਹੱਦ ਉੱਤੇ ਕਾਫੀ ਅਰਸੇ ਤਕ ਇਨ੍ਹਾਂ ਯੂਨਾਨੀਆਂ ਦਾ ਕਬਜ਼ਾ ਰਿਹਾ। ਇਸ ਸਮੇਂ ਪੰਜਾਬੀ ਸਭਿਆਚਾਰ ਉੱਤੇ ਯੂਨਾਨੀ ਪ੍ਰਭਾਵ ਪੈਣਾ ਸੁਭਾਵਕ ਸੀ।
          ਯੂਨਾਨੀ ਹਮਲੇ ਤੋਂ ਬਾਦ ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿਚ ਅਗਲੇਰੀ ਮਹੱਤਵਪੂਰਣ ਘਟਨਾ ਇਸਲਾਮੀ / ਸਾਮੀ ਸਭਿਆਚਾਰ ਦੀ ਆਮਦ ਹੈ। ਅੱਠਵੀਂ ਸਦੀ ਈ. ਤੋਂ ਲੈਕੇ ਦਸਵੀਂ ਸਦੀ ਈ. ਤਕ ਅਰਬ ਅਤੇ ਅਫ਼ਗ਼ਾਨਿਸਤਾਨ ਵਲੋਂ ਪੰਜਾਬ ਉੱਤੇ ਮੁਸਲਿਮ ਸ਼ਾਸਕਾਂ ਵਲੋਂ ਲਗਾਤਾਰ ਹਮਲੇ ਹੁੰਦੇ ਰਹੇ। ਇਨ੍ਹਾਂ ਵਿਚ ਮੁਹੰਮਦ ਬਿਨ ਕਾਸਿਮ, ਮਹਿਮੂਦ ਗ਼ਜ਼ਨਵੀ ਅਤੇ ਮਹੰਮਦ ਗ਼ੌਰੀ ਵਰਗੇ ਹਮਲਾਵਰਾਂ ਦਾ ਨਾਮ ਲਿਆ ਜਾ ਸਕਦਾ ਹੈ। 1001 ਈ. ਵਿਚ ਪੰਜਾਬ ਪੂਰੀ ਤਰ੍ਹਾਂ ਮੁਸਲਮਾਨ ਹਾਕਮਾਂ ਦੇ ਕਬਜ਼ੇ ਵਿਚ ਆ ਗਿਆ ਅਤੇ ਇਨ੍ਹਾਂ ਦੇ ਕਈ ਵੰਸ਼ ਸੱਤ ਸਦੀਆਂ ਤਕ ਇਥੇ ਹਕੂਮਤ ਕਰਦੇ ਰਹੇ। ਇਨ੍ਹਾਂ ਵਿਚ ਖਿਲਜੀ, ਤੁਗ਼ਲਕ ਅਤੇ ਲੋਧੀ ਅਤੇ ਮੁਗ਼ਲ ਵੰਸ਼ਾਂ ਦਾ ਨਾਮ ਖ਼ਾਸ ਤੌਰ ਤੇ ਵਰਣਨਯੋਗ ਹੈ। ਤੁਰਕ ਅਤੇ ਮੁਗ਼ਲ ਹਮਲਿਆਂ ਨੇ ਪੰਜਾਬ ਅਤੇ ਭਾਰਤ ਵਿਚ ਸਾਮੀ / ਇਸਲਾਮੀ ਸੱਭਿਆਚਾਰ ਦੇ ਪ੍ਰਭਾਵ ਦਾ ਰਾਹ ਖੋਲ੍ਹ ਦਿੱਤਾ ਜੋ ਆਰੀਆ-ਹਿੰਦੂ ਸੱਭਿਆਚਾਰ ਨਾਲੋਂ ਬਿਲਕੁਲ ਵੱਖਰਾ ਸੀ। ਸਮਾ ਪਾਕੇ ਦੋਹਾਂ ਸੱਭਿਆਚਾਰਾਂ ਵਿਚਕਾਰ ਟਕਰਾਉ ਅਤੇ ਤਣਾਉ ਦਾ ਮੁੱਢਲਾ ਦੌਰ ਪਰਸਪਰ ਸੰਵਾਦ ਰਾਹੀਂ ਸਮਨਵੈ ਅਤੇ ਸੁਮੇਲ ਦੀ ਭਾਵਨਾ ਵਿਚ ਵਟਣ ਲੱਗਾ। ਇਸ ਦਿਸ਼ਾ ਵਿਚ ਸੰਤਾਂ, ਭਗਤਾਂ, ਸੂਫ਼ੀਆਂ ਅਤੇ ਗੁਰੂ-ਵਿਅਕਤੀਆਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ। ਇਨ੍ਹਾਂ ਧਰਮ-ਪ੍ਰਵਰਤਕਾਂ ਨੇ ਆਪਣੀ ਉਦਾਰ ਮਾਨਵਵਾਦੀ ਜੀਵਨ-ਦ੍ਰਿਸ਼ਟੀ ਅਤੇ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਰਾਹੀਂ ਮੱਧਕਾਲੀਨ ਭਾਰਤ ਵਿਚ ਸੱਭਿਆਚਾਰਕ ਜਾਗ੍ਰਿਤੀ ਦੀ ਇਕ ਅਜਿਹੀ ਵਿਆਪਕ ਲਹਿਰ ਨੂੰ ਜਨਮ ਦਿੱਤਾ ਜਿਸਨੇ ਭਿੰਨ-ਭਿੰਨ ਧਰਮ-ਸੰਪ੍ਰਦਾਵਾਂ, ਜਾਤ-ਬਰਾਦਰੀਆਂ ਅਤੇ ਵਰਗਾਂ ਵਿਚਕਾਰ ਸਾਂਝ ਅਤੇ ਸ਼ਾਂਤਮਈ ਸਹਿ-ਹੋਂਦ ਦਾ ਸੰਦੇਸ਼ ਸੰਚਾਰਿਤ ਕੀਤਾ।
          ਅਜੋਕੇ ਰੂਪ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਕਾਸ ਇਸੇ ਦੌਰਾਨ ਹੋਇਆ। ਇਸ ਸਮੁੱਚੇ ਦੌਰ ਨੂੰ ਮੱਧਕਾਲ ਦਾ ਨਾਮ ਦਿੱਤਾ ਗਿਆ ਹੈ। ਸਾਹਿਤਕ ਦ੍ਰਿਸ਼ਟੀ ਤੋਂ ਇਸ ਦੌਰ ਦੀ ਮੁੱਖ ਪ੍ਰਾਪਤੀ ਗੁਰਮਤਿ ਕਾਵਿ ਦੇ ਰੂਪ ਵਿਚ ਸਾਮ੍ਹਣੇ ਆਉਂਦੀ ਹੈ ਜਿਸਦਾ ਪ੍ਰਾਮਾਣਿਕ ਸੰਕਲਨ ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੇ ਰੂਪ ਵਿਚ ਪ੍ਰਾਪਤ ਹੈ। ਧੁਰ ਕੀ ਬਾਣੀਜਾਂ ਸ਼ਬਦ ਗੁਰੂਵਜੋਂ ਮਾਨਤਾ ਰੱਖਣ ਵਾਲੇ ਇਸ ਅਦੁੱਤੀ ਧਰਮ-ਗ੍ਰੰਥ ਵਿਚ ਸਿੱਖ ਧਰਮ ਦੇ ਪ੍ਰਵਰਤਕ ਗੁਰੁ ਨਾਨਕ ਦੇਵ ਅਤੇ ਹੋਰਨਾਂ ਗੁਰੂ-ਵਿਅਕਤੀਆਂ ਦੀ ਬਾਣੀ ਤੋਂ ਇਲਾਵਾ ਮੱਧਕਾਲੀਨ ਭਾਰਤ ਦੇ ਪ੍ਰਮੁੱਖ ਸੰਤਾਂ, ਭਗਤਾਂ ਅਤੇ ਸੂਫ਼ੀ-ਸੰਤ ਬਾਬਾ ਫ਼ਰੀਦ ਦੀ ਰਚਨਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਬਾਰ੍ਹਵੀਂ ਸਦੀ ਈਸਵੀ ਤੋਂ ਲੈ ਕੇ ਸਤਾਰ੍ਹਵੀਂ ਸਦੀ ਈਸਵੀ ਤਕ ਦੇ ਲੰਮੇ ਵਿਸਤਾਰ ਵਿਚ ਪ੍ਰਵਾਹਿਤ ਹੋਣ ਵਾਲੀ ਇਹ ਪਾਵਨ ਰਚਨਾ ਭਾਰਤੀ ਉਪ-ਮਹਾਂਦੀੋਪ ਦੇ ਭਿੰਨ-ਭਿੰਨ ਭੂਗੋਲਿਕ ਖੇਤਰਾਂ ਨਾਲ ਵੀ ਸੰਬੰਧਿਤ ਹੈ। ਇਹੀ ਕਾਰਣ ਹੈ ਕਿ ਸਿੱਖ-ਵਿਰਸੇ ਦੀ ਇਸ ਪਾਵਨ ਰਚਨਾ ਨੂੰ ਮੱਧਕਾਲੀਨ ਭਾਰਤ ਦੀ ਮੁੱਲਵਾਨ ਸੱਭਿਆਚਾਰਕ ਟੈਕਸਟ ਵਜੋਂ ਵੀ ਵਾਚਿਆ ਜਾ ਸਕਦਾ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਇਹ ਰਚਨਾ ਮੱਧਕਾਲੀਨ ਭਾਰਤ ਦੇ ਉਸ ਦੌਰ ਦੀ ਪ੍ਰਤਿਨਿਧਤਾ ਕਰਦੀ ਹੈ ਜਿਸਨੂੰ ਸਭਿਆਚਾਰਕ ਨਵ-ਜਾਗ੍ਰਿਤੀ ਦਾ ਦੌਰ ਆਖਿਆ ਗਿਆ ਹੈ। ਨਵ-ਜਾਗ੍ਰਿਤੀ ਦੀ ਇਸ ਲਹਿਰ ਨੂੰ ਉਸਾਰਨ ਵਿਚ ਸੰਤਾਂ, ਭਗਤਾਂ ਅਤੇ ਗੁਰੂ-ਵਿਅਕਤੀਆਂ ਦਾ ਯੋਗਦਾਨ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ। ਇਨ੍ਹਾਂ ਮੱਧਕਾਲੀਨ ਧਰਮ-ਪ੍ਰਵਰਤਕਾਂ ਨੇ ਆਪਣੀ ਬਾਣੀ ਅਤੇ ਕਲਾਮ ਰਾਹੀਂ ਸੱਭਿਆਚਾਰਕ ਕ੍ਰਾਂਤੀ ਅਤੇ ਮਾਨਵ-ਮੁਕਤੀ ਦਾ ਅਜਿਹਾ ਸੰਦੇਸ਼ ਸੰਚਾਰਿਤ ਕੀਤਾ ਜਿਸਨੂੰ ਮਨੁੱਖੀ ਹੋਂਦ ਦੀ ਗੌਰਵਮਈ ਪ੍ਰਾਪਤੀ ਮੰਨਿਆਂ ਜਾ ਸਕਦਾ ਹੈ। ਅਜਿਹੀ ਸਥਿਤੀ ਦੇ ਪ੍ਰਸੰਗ ਵਿਚ ਆਦਿ ਗ੍ਰੰਥ ਬਾਣੀ ਨੂੰ ਕ੍ਰਾਂਤੀ ਅਤੇ ਮੁਕਤੀ ਦਾ ਪ੍ਰਵਚਨ ਵੀ ਆਖਿਆ ਜਾ ਸਕਦਾ ਹੈ। ਗੁਰਬਾਣੀ ਦਾ ਪ੍ਰਵਚਨ ਹਾਕਮ ਸ਼੍ਰੇਣੀ ਅਤੇ ਕੁਲੀਨ ਵਰਗਾਂ ਦਾ ਪੱਖ ਪੂਰਣ ਵਾਲੀ ਸ਼ੋਸ਼ਣਕਾਰੀ ਵਿਚਾਰਧਾਰਾ ਦਾ ਖੰਡਨ ਕਰਦਾ ਹੈ। ਇਹ ਮੁਗ਼ਲ ਸਾਮੰਤਵਾਦ ਅਤੇ ਜਾਗੀਰਦਾਰੀ ਅਰਥ-ਵਿਵਸਥਾ ਦੀ ਹਿੰਸਾ ਨੂੰ ਹੀ ਨੰਗਿਆਂ ਨਹੀਂ ਕਰਦਾ ਸਗੋਂ ਪੀੜਿਤ ਲੋਕਾਈ ਦੇ ਮਨ ਵਿਚ ਇਸ ਅਤਿਆਚਾਰੀ ਸ਼ਾਸ਼ਣ ਦੀ ਅਸਥਿਰਤਾ ਦਾ ਅਹਿਸਾਸ ਜਗਾ ਕੇ ਨੈਤਿਕ ਮਨੋਬਲ ਵੀ ਪੈਦਾ ਕਰਦਾ ਹੈ।    
          ਇਹ ਬਾਣੀ ਭਿੰਨ-ਭਿੰਨ ਧਰਮਾਂ, ਫ਼ਿਰਕਿਆਂ, ਵਰਗਾਂ ਅਤੇ ਜਾਤ-ਬਰਾਦਰੀਆਂ ਨੂੰ ਪਰਸਪਰ ਵੈਰ-ਵਿਰੋਧ ਅਤੇ ਟਕਰਾਉ ਰਾਹ ਛੱਡ ਕੇ ਸਦਭਾਵਨਾ, ਸੁਹਿਰਦਤਾ, ਸਹਿਯੋਗ ਅਤੇ ਸਹਿਨਸ਼ੀਲਤਾ ਦਾ ਸੰਦੇਸ਼ ਸੰਚਾਰਿਤ ਕਰਦੀ ਹੈ। ਇਸ ਤਰ੍ਹਾਂ ਆਦਿ ਗ੍ਰੰਥ ਬਾਣੀ ਦਾ ਪ੍ਰਵਚਨ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਵਿਚਕਾਰ ਸ਼ਾਂਤਮਈ ਸਹਿ-ਹੋਂਦ ਨੂੰ ਪ੍ਰਵਾਨਗੀ ਦਿੰਦਾ ਹੋਇਆ ਮੱਧਕਾਲੀਨ ਭਾਰਤ ਵਿਚ ਉੱਸਰ ਰਹੇ ਸੰਜੁਗਤ ਸੱਭਿਆਚਾਰ ਦੀ ਸੰਭਾਵਨਾ ਨੂੰ ਵੀ ਸਾਕਾਰ ਕਰਦਾ ਹੈ। ਮਿਸਾਲ ਵਜੋਂ ਆਦਿ ਗ੍ਰੰਥ ਬਾਣੀ ਦੀਆ ਕੁਝ ਪੰਗਤੀਆਂ ਪੇਸ਼ ਹਨ :
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥1॥ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥1॥ ਰਹਾਉ ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
          ਕੋਈ ਕਰੈ ਪੂਜਾ ਕੋਈ ਸਿਰੁ  ਨਿਵਾਇ ॥2
ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥3
ਕੋਈ ਕਹੈ ਤੁਰਕੁ ਕੋਈ ਕਹੈ  ਹਿੰਦੂ ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥4
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
ਪ੍ਰਭ ਸਾਹਿਬ ਕਾ ਤਿਨਿ ਭੇਦੁਜਾਤਾ॥59॥                                           
         ਇਉਂ ਆਦਿ ਗ੍ਰੰਥ ਦੇ ਪ੍ਰਵਚਨ ਵਿਚ ਵਿਭਿੰਨ ਧਰਮਾਂ ਦੀਆਂ ਵਿਸ਼ਵਾਸ਼-ਪਰੰਪਰਾਵਾਂ ਅਤੇ ਰਹੁ-ਰੀਤਾਂ ਨੂੰ ਨਵੇਂ ਸੰਦਰਭ ਵਿਚ ਪ੍ਰਸਤੁਤ ਕਰਕੇ ਇਨ੍ਹਾਂ ਵਿਚਲੀ ਰੂਹਾਨੀ ਸਾਂਝ ਦੇ ਧਰਾਤਲ ਨੂੰ ਤਲਾਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਆਦਿ ਗ੍ਰੰਥ ਬਾਣੀ ਵਿਚ ਪੇਸ਼ ਹੋਈ ਸੱਭਿਆਚਾਰਕ ਕ੍ਰਾਂਤੀ ਦਾ ਮਹੱਤਵਪੂਰਣ ਪਹਿਲੂ ਸਮਾਜ ਦੇ ਦੱਬੇ-ਕੁਚਲੇ ਅਤੇ ਨਿਤਾਣੇ ਵਰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨਾ ਹੈ। ਇਸ ਪ੍ਰਵਚਨ ਵਿਚ ਵਿਸ਼ੇਸ਼ ਤੌਰ ਤੇ ਹਾਕਮ ਸ਼੍ਰੇਣੀ ਦੀ ਲੁੱਟ-ਖਸੁੱਟ ਦੇ ਸ਼ਿਕਾਰ ਮਿਹਨਤਕਸ਼ ਕਿਸਾਨਾਂ ਅਤੇ ਕਿਰਤੀਆਂ ਅਤੇ ਬ੍ਰਾਹਮਣਵਾਦੀ ਕਰਮਕਾਂਡ ਅਤੇ ਜਾਤੀ-ਪ੍ਰਥਾ ਹੱਥੋਂ ਸਤਾਏ ਹੋਏ ਦਲਿਤ ਵਰਗਾਂ ਦਾ ਪੱਖ ਪੂਰਿਆ ਗਿਆ ਹੈ। ਇਸੇ ਕਿਸਮ ਦੀ ਭਾਵਨਾ ਦਾ ਸਮੂਰਤ ਪ੍ਰਗਟਾਵਾ ਗੁਰੂ ਨਾਨਕ ਬਾਣੀ ਦੀਆਂ ਇਨ੍ਹਾਂ ਪੰਗਤੀਆਂ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ :
          ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
          ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸੁ।                                           
          ਇਸੇ ਤਰ੍ਹਾਂ ਭਗਤ ਕਬੀਰ ਨੇ ਵੀ ਆਪਣੀ ਬਾਣੀ ਰਾਹੀਂ ਮਨੁੱਖੀ ਸਮਾਜ ਨੂੰ ਕੁਲ ਅਤੇ ਜਾਤੀ ਦੇ ਆਧਾਰਾਂ ਅਨੁਸਾਰ ਵੰਡਣ ਵਾਲੀ ਮਿੱਥ ਨੂੰ ਤੋੜਿਆ ਹੈ ਕੀਤਾ ਹੈ। ਉਨ੍ਹਾਂ ਦਾ ਵਿਵੇਕ ਇਸ ਤੱਥ ਵਲ ਸੰਕੇਤ ਕਰਦਾ ਹੈ ਕਿ ਬ੍ਰਾਹਮਣ (ਕੁਲੀਨ) ਅਤੇ ਸੂਦ (ਦਲਿਤ) ਦੋਵੇਂ ਹੀ ਸੰਸਾਰ ਦੇ ਸਮੂਹ ਪ੍ਰਾਣੀਆਂ ਵਾਂਗ ਬ੍ਰਹਮ ਬਿੰਦੁ ਦੀ ਉਪਜ ਹਨ। ਇਨ੍ਹਾਂ ਵਿਚਕਾਰ ਸਿਰਜੀ ਗਈ ਵਿੱਥ ਮਸਨੂਈ ਹੈ।
          ਮਹੱਤਵਪੂਰਣ ਗੱਲ ਇਹ ਹੈ ਕਿ ਆਦਿ ਗ੍ਰੰਥ ਬਾਣੀ ਵਿਚਲੀ ਕ੍ਰਾਂਤੀਕਾਰੀ ਚੇਤਨਾ ਸਿਰਫ਼ ਸਾਮਾਜਿਕ ਅਤੇ ਸੱਭਿਆਚਾਰਕ ਖੇਤਰ ਤਕ ਸੀਮਿਤ ਨਹੀਂ ਸਗੋਂ ਇਥੇ ਹਾਕਮ-ਸ਼੍ਰੇਣੀ ਦੇ ਲੋਟੂ ਕਿਰਦਾਰ ਦੀ ਵੀ ਤਿੱਖੀ ਆਲੋਚਨਾ ਕਤਿੀ ਗਈ ਹੈ। ਮਿਸਾਲ ਵਜੋਂ ਗੁਰੂ ਨਾਨਕ ਬਾਣੀ ਦੀਆਂ ਇਹ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥
          ਚਾਕਰ ਨਹਦਾ ਪਾਇਨਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥
          ਜਿਥੈ ਜੀਆਂ ਹੋਸੀ ਸਾਰ ॥ ਨਕੀਂ ਵਢੀਂ ਲਾਇਤਬਾਰ।
          ਇਸ ਤਰ੍ਹਾਂ ਅਦਿ ਗ੍ਰੰਥ ਦਾ ਪ੍ਰਵਚਨ ਆਪਣੇ ਵੇਲੇ ਦੇ ਸਾਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਯਥਾਰਥ ਦੀ ਤਸਵੀਰ ਵੀ ਪੇਸ਼ ਕਰਦਾ ਹੈ ਅਤੇ ਮੋੜਵੇਂ ਰੂਪ ਵਿਚ ਤਤਕਾਲੀ ਇਤਿਹਾਸਕ ਵੰਗਾਰਾਂ ਨਾਲ ਨਜਿਠਣ ਵਾਲੇ ਕ੍ਰਾਂਤੀਕਾਰੀ ਸਭਿਆਚਾਰ ਦੀ ਸਿਰਜਣਾ ਵੀ ਕਰਦਾ ਹੈ।
ਇਸ ਦੌਰ ਦੀ ਦੂਸਰੀ ਮਹੱਤਵਪੂਰਣ ਸਾਹਿਤਕ ਪ੍ਰਾਪਤੀ ਸੂਫ਼ੀ ਕਾਵਿਧਾਰਾ ਦੇ ਰੂਪ ਵਿਚ ਸਾਮ੍ਹਣੇ ਆਉਂਦੀ ਹੈ। ਬੁਨਿਅਦੀ ਤੌਰ ਤੇ ਸੂਫ਼ੀਵਾਦ ਦਾ ਸੰਬੰਧ ਇਸਲਾਮ ਨਾਲ ਹੈ ਪਰ ਇਹ ਕੁਰਾਨਸ਼ਰੀਫ਼ ਦੇ ਅੰਤਰਮੁਖੀ ਅਧਿਆਤਮਕ ਅਰਥਾਂ (ਜ਼ਾਹਰ ਦੀ ਥਾਵੇਂ ਬਾਤਿਨ ਅਰਥਾਂ) ਉੱਤੇ ਬਲ ਦੇਣ ਵਾਲੀ ਵਿਚਾਰਧਾਰਾ ਹੈ। ਇਸੇ ਲਈ ਅਨੇਕਾਂ ਵਿਚਾਰਵਾਨਾਂ ਨੇ ਇਸਨੂੰ  ਇਸਲਾਮ ਦੀ ਰਹੱਸਵਾਦੀ ਵਿਆਖਿਆ ਦੇ ਰੂਪ ਵਿਚ ਵੀ ਦੇਖਣ ਦਾ ਉਪਰਾਲਾ ਵੀ ਕੀਤਾ ਹੈ। ਇਸ ਕਾਵਿਧਾਰਾ ਦਾ ਮੁੱਢ ਬੰਨ੍ਹਣ ਵਾਲੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਫ਼ਰੀਦ ਹਨ ਜਿਨ੍ਹਾਂ ਦਾ ਜੀਵਨ ਕਾਲ 1173 ਈ. ਤੋਂ 1266 ਈ. ਤਕ ਹੈ।ਸ਼ੇਖ਼ ਫ਼ਰੀਦ (ਬਾਬਾ ਫ਼ਰੀਦ) ਦੇ ਵੱਡੇ ਵਡੇਰੇ ਭਾਵੇਂ ਬਾਹਰੋਂ ਆ ਕੇ ਪੰਜਾਬ ਦੀ ਧਰਤੀ ਉਪਰ ਵਸੇ ਸਨ ਪਰ ਇਨ੍ਹਾਂ ਨੇ ਆਪਣੇ ਆਪਨੂੰ ਸਥਾਨਕ ਸੱਭਿਆਚਾਰ ਦੀਆਂ ਰੀਤਾਂ ਅਤੇ ਰਵਾਇਤਾਂ ਅਨੁਸਾਰ ਢਾਲ ਲਿਆ ਅਤੇ ਇਥੋਂ ਦੀ ਬੋਲੀ (ਪੰਜਾਬੀ) ਵਿਚ ਹੀ ਕਾਵਿ ਸਿਰਜਣਾ ਕੀਤੀ। ਲੋਕ ਬੋਲੀ ਵਿਚ ਸੂਫ਼ੀ ਸ਼ਾਇਰੀ ਦੀ ਸਥਾਪਿਤ ਕੀਤੀ ਹੋਈ ਇਸ ਰਵਾਇਤ ਨੂੰ ਅਮੀਰ ਤੇ ਭਰਪੂਰ ਬਣਾਉਣ ਵਿਚ ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲ੍ਹੇਸ਼ਾਹ ਅਤੇ ਗੁਲਾਮ ਫ਼ਰੀਦ ਵਰਗੇ ਮਹਾਨ ਸੂਫ਼ੀ ਸ਼ਾਇਰਾਂ ਨੇ ਵੱਡ-ਮੁੱਲਾ ਯੋਗਦਾਨ ਦਿੱਤਾ।
          ਅਸਲ ਵਿਚ ਇਨ੍ਹਾਂ ਕਵੀਆਂ ਨੇ ਸ਼ਰ੍ਹਾਂ ਦੇ ਮੁਕਾਬਲੇ ਉੱਤੇ ਇਸ਼ਕ ਦਾ ਸੰਕਲਪ ਪੇਸ਼ ਕਰ ਕੇ ਧਰਮ ਨੂੰ ਰੂਹਾਨੀ ਅਨੁਭਵ ਨਾਲ ਜੋੜ ਦਿੱਤਾ ਹੈ। ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਸੂਫ਼ੀ ਸ਼ਾਇਰੀ ਪੰਜਾਬੀ ਲੋਕ ਵਿਰਸੇ ਦੀਆਂ ਰੀਤਾਂ ਅਤੇ ਰਵਾਇਤਾਂ ਨੂੰ ਮਨੁੱਖੀ ਜੀਵਨ ਦੇ ਸਦੀਵੀ ਸਰੋਕਾਰਾਂ ਦਾ ਪ੍ਰਗਟਾਵਾ ਕਰਦੀ ਹੈ। ਇਹ ਪੰਜਾਬੀ ਸਮਾਜ-ਸੱਭਿਆਚਾਰ ਵਿਚ ਪ੍ਰਚੱਲਤ ਰਸਮਾਂ-ਰੀਤਾਂ ਅਤੇ ਕਦਰਾਂ-ਕੀਮਤਾਂ ਨੂੰ ਸੰਚਾਰ-ਜੁਗਤਾਂ ਵਜੋਂ ਵਰਤਣ ਵਲ ਰੁਚਿਤ ਹੁੰਦੀ ਹੈ ਅਤੇ ਪ੍ਰਭਾਵਸ਼ਾਲੀ ਕਾਵਿ ਦਾ ਸਿਰਜਣ ਕਰਦੀ ਹੈ। ਮਹੱਤਵਪੂਰਣ ਗੱਲ ਇਹ ਕਿ ਪੰਜਾਬੀ ਸਾਹਿਤ ਦੀ ਸੂਫ਼ੀਆਨਾ ਰਵਾਇਤ ਦਾ ਵਿਚਾਰਧਾਰਾਈ ਆਧਾਰ ਭਗਤੀ ਕਾਵਿ ਅਤੇ ਗੁਰਬਾਣੀ ਨਾਲ ਮੇਲ ਖਾਂਦਾ ਹੈ। ਇਸਨੇ ਪੰਜਾਬੀ ਬੰਦੇ ਨੂੰ ਰੂਹਾਨੀ ਚੇਤਨਾ (ਤਸੱਵੁਫ਼) ਦੇ ਹਵਾਲੇ ਨਾਲ ਉਦਾਰ ਮਾਨਵਵਾਦੀ ਕਦਰਾਂ-ਕੀਮਤਾਂ ਅਤੇ ਇਨਸਾਨ-ਦੋਸਤੀ ਦਾ ਪੈਗ਼ਾਮ ਦਿੱਤਾ। ਇਸ ਤਰ੍ਹਾਂ ਇਸ ਧਾਰਾ ਦੇ ਸਹਿਤ ਨੇ ਸਰਬ-ਸਾਂਝੇ ਪੰਜਾਬੀ ਸਭਿਆਚਾਰ ਦੀ ਉਸਾਰੀ ਵਿਚ ਭਰਪੂਰ ਯੋਗਦਾਨ ਦਿੱਤਾ।
          ਕਿੱਸਾ ਕਾਵਿ ਵੀ ਮੱਧਕਾਲੀ ਪੰਜਾਬੀ ਸਾਹਿੱਤ ਦੀ ਇਕ ਮਹੱਤਵਪੂਰਣ ਧਾਰਾ ਹੈ। ਇਸਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਮੱਧਕਾਲ ਦੀਆਂ ਹੋਰਨਾਂ ਕਾਵਿ-ਧਾਰਾਵਾਂ ਅਤੇ ਪ੍ਰਵਿਰਤੀਆਂ ਨਾਲੋਂ ਵੱਖਰੀ ਹੈ। ਜਿੱਥੇ ਨਾਥਬਾਣੀ, ਭਗਤਬਾਣੀ, ਗੁਰਬਾਣੀ ਅਤੇ ਸੂਫ਼ੀ ਸ਼ਾਇਰੀ ਨੂੰ ਮੂਲ ਰੂਪ ਵਿਚ ਧਾਰਮਿਕ ਕਾਵਿ ਦੇ ਅੰਤਰਗਤ ਰੱਖਿਆ ਜਾਂਦਾ ਹੈ ਉਥੇ ਕਿੱਸਾ ਕਾਵਿ ਦਾ ਚਰਿਤਰ ਲੌਕਿਕ ਕਾਵਿ ਵਾਲਾ ਹੈ। ਇਨ੍ਹਾਂ ਵਿਚ ਧਾਰਮਿਕ ਕਾਵਿ ਵਾਂਗ ਪਰਮਾਰਥ ਦੀ ਗੱਲ ਨਹੀਂ ਕੀਤੀ ਗਈ ਸਗੋਂ ਜੀਵਨ ਦੇ ਯਥਾਰਥ ਦੀ ਗੱਲ ਕੀਤੀ ਗਈ ਹੈ।
          ਪੰਜਾਬੀ ਦੇ ਪ੍ਰਮੁੱਖ ਕਿੱਸਾਕਾਰਾਂ ਵਿਚ ਅਸੀਂ ਦਮੋਦਰ, ਮੁਕਬਲ, ਹਾਫ਼ਿਜ਼ ਬਰਖ਼ੁਰਦਾਰ, ਪੀਲੂ, ਵਾਰਿਸ, ਕਾਦਰਯਾਰ ਆਦਿ ਦਾ ਨਾਮ ਲੈ ਸਕਦੇ ਹਾਂ। ਇਨ੍ਹਾਂ ਸ਼ਾਇਰਾਂ ਨੇ ਪੰਜਾਬੀ ਕਿੱਸਾ ਕਾਵਿ ਦੀ ਪਰੰਪਰਾ ਨੂੰ ਅਮੀਰ ਤੇ ਭਰਪੂਰ ਬਣਾਇਆ ਹੈ। ਪੰਜਾਬੀ ਦੇ ਵਧੇਰੇ ਕਿੱਸੇ ਪਿਆਰ ਜਾਂ ਇਸ਼ਕ ਦੇ ਦੁੱਖਾਂਤ ਨੂੰ ਪੇਸ਼ ਕਰਦੇ ਹਨ। ਇਹ ਗੱਲ ਵੇਲੇ ਦੀ ਸਾਮਾਜਿਕ ਆਰਥਿਕ ਵਿਵਸਥਾ ਦੇ ਅਨੁਕੂਲ ਵੀ ਹੈ। ਕਾਰਣ ਇਹ ਹੈ ਕਿ ਜਾਗੀਰਦਾਰੀ ਸਮਾਜ ਦੀਆਂ ਸੰਸਥਾਵਾਂ ਸਮੂਹਭਾਵੀ ਹੁੰਦੀਆਂ ਹਨ ਜਿਨ੍ਹਾਂ ਵਿਚ ਵਿਅਕਤੀ ਨੂੰ ਸੁਤੰਤਰ ਨਿਰਣੇ ਕਰਨ ਦੀ ਖੁਲ੍ਹ ਨਹੀਂ ਹੁੰਦੀ। ਹੀਰ ਦਾ ਰਾਂਝੇ ਨਾਲ ਇਸ਼ਕ ਸਮਾਜ ਦੀਆਂ ਪ੍ਰਚੱਲਤ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ। ਇਸਨੂੰ ਸ਼ਰਾੱ ਦੀ ਪ੍ਰਵਾਨਗੀ ਵੀ ਹਾਸਿਲ ਨਹੀਂ ਇਸੇ ਲਈ ਅੰਤ ਵਿਚ ਨਾਇਕ ਤੇ ਨਾਇਕਾ ਦੋਹਾਂ ਦੀ ਮੌਤ ਹੁੰਦੀ ਹੈ। ਇਨ੍ਹਾਂ ਕਿੱਸਿਆਂ ਦੀ ਗਲਪ-ਵਿਧੀ ਰੋਮਾਂਸ ਕਥਾ ਨਾਲ ਮੇਲ ਖਾਂਦੀ ਹੈ ਜਿਸ ਵਿਚ ਆਦਰਸ਼ਕ ਵਿਅਕਤੀਆਂ ਨੂੰ ਮੁਖ-ਪਾਤਰ ਜਾਂ ਨਾਇਕ ਵਜੋਂ ਪੇਸ਼ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਇਨ੍ਹਾਂ ਕਿੱਸਿਆਂ ਵਿਚ ਯਥਾਰਥ ਦੀ ਕਠੋਰਤਾ ਦੇ ਨਾਲ ਨਾਲ ਕਾਮਨਾ ਦਾ ਸੁਪਨਮਈ ਸੰਸਾਰ ਵੀ ਉਸਾਰਿਆ ਜਾਂਦਾ ਸੀ। ਪੰਜਾਬੀ ਕਿੱਸਿਆਂ ਦੇ ਨਾਇਕ ਆਮ ਤੌਰ ਤੇ ਆਸ਼ਕ ਯੋਧੇ ਜਾਂ ਫ਼ਕੀਰ ਹੁੰਦੇ ਹਨ ਜੋ ਸਥਾਪਿਤ ਕਦਰਾਂ-ਕੀਮਤਾਂ ਤੋਂ ਵਿਦਰੋਹ ਕਰਦੇ ਹੋਏ ਨੈਤਿਕਤਾ ਦੇ ਨਵੇਂ ਆਦਰਸ਼ ਸਥਾਪਿਤ ਕਰਦੇ ਹਨ। ਮਿਸਾਲ ਵਜੋਂ ਜੇ ਹੀਰ ਦੇ ਕਿੱਸੇ ਵਿਚ ਪ੍ਰਚੱਲਤ ਵਿਆਹ ਪ੍ਰਥਾ ਦੀਆਂ ਸਮੂਹ-ਭਾਵੀ ਕਦਰਾਂ-ਕੀਮਤਾਂ ਨੂੰ ਨਕਾਰਿਆ ਗਿਆ ਹੈ ਤਾਂ ਇਸ ਵਿਚ ਮਨੁੱਖੀ ਰਿਸ਼ਤਿਆ ਨੂੰ ਜੋੜਨ ਵਿਚ ਵਿਅਕੀਗਤ ਸੁਤੰਤਰਤਾ ਦੇ ਮਹੱਤਵ ਨੂੰ ਵੀ ਪਛਾਣਿਆਂ ਗਿਆ ਹੈ।
          ਪੰਜਾਬੀ ਦੀਆਂ ਪ੍ਰਸਿੱਧ ਪ੍ਰੀਤ ਕਹਾਣੀਆਂ ਪਹਿਲੋਂ ਦੰਤ-ਕਥਾਵਾਂ ਦੇ ਰੂਪ ਵਿਚ ਪ੍ਰਚੱਲਤ ਹੋਈਆਂ ਬਾਦ ਵਿਚ ਇਨ੍ਹਾਂ ਨੂੰ ਕਿੱਸਾਕਾਰਾਂ ਨੇ ਆਪਣੀ ਸਿਰਜਣਾਤਮਕ ਕਲਪਨਾ ਰਾਹੀਂ ਨਵਾਂ ਰੂਪ ਪ੍ਰਦਾਨ ਕਰ ਕੇ ਕਿੱਸਿਆਂ ਵਿਚ ਢਾਲ ਦਿੱਤਾ। ਕਿੱਸਾਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਬਿਰਤਾਂਤ ਦੀ ਉਸਾਰੀ ਕਰਦਿਆਂ ਤਤਕਾਲੀ ਸਮਾਜ ਸੱਭਿਆਚਾਰ ਦਾ ਜੀਵੰਤ ਬਿੰਬ ਪੇਸ਼ ਕਰਨ ਦੀ ਚੇਸ਼ਟਾ ਵੀ ਕੀਤੀ ਹੈ। ਇਹੀ ਕਾਰਣ ਹੈ ਕਿ ਇਹ ਕਿੱਸੇ ਪੰਜਾਬੀਆਂ ਦੀ ਜੀਵਨ ਵਿਧੀ, ਉਨ੍ਹਾਂ ਦੇ ਸੁਭਾ ਅਤੇ ਚਰਿਤਰ ਨੂੰ ਵੀ ਭਲੀ ਭਾਂਤ ਮੂਰਤੀਮਾਨ ਕਰਦੇ ਹਨ। ਮਿਸਾਲ ਵਜੋਂ ਜਦੋਂ ਅਸੀਂ ਕਿੱਸਾ ਹੀਰ-ਵਾਰਿਸ ਪੜ੍ਹਦੇ ਹਾਂ ਤਾਂ ਉਸ ਵੇਲੇ ਦਾ ਪੰਜਾਬੀ ਸਮਾਜ ਆਪਣੀਆਂ ਰੀਤਾਂ ਅਤੇ ਰਵਾਇਤਾਂ ਸਮੇਤ ਸਾਕਾਰ ਹੋ ਉਠਦਾ ਹੈ। ਕਿੱਸਾ-ਕਾਵਿ ਦਾ ਸਿਰਜਿਤ ਬਿਰਤਾਂਤ ਦੇ ਮਾਧਿਅਮ ਰਾਹੀਂ ਪੰਜਾਬੀ ਸੱਭਿਆਚਾਰ ਦੇ ਅਵਚੇਤਨ ਨੂੰ ਫਰੋਲਦਾ ਹੈ ਅਤੇ ਪ੍ਰਤੀਕਾਤਮਕ ਪੱਧਰ ਉੱਤੇ ਪੰਜਾਬੀਅਤ ਦੀ ਪਛਾਣ ਨਿਰਧਾਰਿਤ ਕਰਦਾ ਹੈ। ਇਹ ਕਾਮਨਾ ਦੇ ਸੰਜਮ ਅਤੇ ਜਸ਼ਨ ਦਾ ਬਿਰਤਾਂਤ ਸਿਰਜਦੇ ਹਨ। ਮਿਸਾਲ ਵਜੋਂ ਇਸਦੇ ਸਿਰਜੇ ਹੋਏ ਨਾਇਕ ਪੂਰਨ, ਰਸਾਲੂ, ਰਾਂਝਾ, ਮਿਰਜ਼ਾ, ਦੁੱਲਾ ਭੱਟੀ, ਪੁੰਨੂੰ ਅਤੇ ਮਹੀਵਾਲ ਪੰਜਾਬੀ ਕਿਰਦਾਰ ਦੀ ਪ੍ਰਤਿਨਿਧਤਾ ਵੀ ਕਰਦੇ ਹਨ ਉਸਦੇ ਸਭਿਆਚਾਰਕ ਆਦਰਸ਼ ਵੀ ਬਣਦੇ ਹਨ।     
          ਮੱਧਕਾਲੀ ਪੰਜਾਬੀ ਸਾਹਿੱਤ ਦੀ ਇਕ ਹੋਰ ਪ੍ਰਮੁੱਖ ਕਾਵਿਧਾਰਾ ਵਾਰ ਕਾਵਿ ਹੈ। ਪੰਜਾਬੀ ਵਿਚ ਵਾਰ ਇਕ ਅਜਿਹੇ ਕਾਵਿ ਰੂਪ ਦੇ ਤੌਰ ਤੇ ਵਿਕਸਿਤ ਹੋਇਆ ਹੈ ਜਿਸਦੇ ਅੰਤਰਗਤ ਵੀਰ ਰਸ ਦਾ ਵਿਧਾਨ ਸਿਰਜਿਆ ਜਾਂਦਾ ਹੈ। ਵਾਰ ਦੇ ਰੂਪਾਕਾਰ ਦੀ ਪ੍ਰਮੁੱਖ ਵਿਸ਼ੇਸ਼ਤਾ ਸੰਘਰਸ਼ ਜਾਂ ਟੱਕਰ ਮੰਨੀ ਜਾ ਸਕਦੀ ਹੈ। ਇਸ ਟੱਕਰ ਦੇ ਅਨੇਕਾਂ ਰੂਪ ਹੋ ਸਕਦੇ ਹਨ। ਇਹ ਟੱਕਰ ਦੋ ਯੋਧਿਆਂ ਵਿਚਕਾਰ ਹੋ ਸਕਦੀ ਹੈ, ਨੇਕੀ ਅਤੇ ਬਦੀ ਵਿਚਕਾਰ ਹੋ ਸਕਦੀ ਹੈ ਅਤੇ ਦੋ ਵਿਚਾਰਾਂ ਜਾਂ ਵਿਚਾਰਧਾਰਾਵਾਂ ਵਿਚਕਾਰ ਵੀ ਹੋ ਸਕਦੀ ਹੈ। ਇਤਨਾ ਅਵੱਸ਼ ਹੈ ਕਿ ਵਾਰ ਵਿਚ ਨਾਇਕ ਦੀ ਵੀਰਤਾ ਜਾਂ ਨੇਕੀ ਦਾ ਯਸ਼ ਗਾਇਨ ਜ਼ਰੂਰ ਹੁੰਦਾ ਹੈ।
          ਪੰਜਾਬੀ ਸਾਹਿੱਤ ਵਿਚ ਦੋ ਤਰ੍ਹਾਂ ਦੀਆਂ ਵਾਰਾਂ ਦੀ ਰਚਨਾ ਹੋਈ ਹੈ ਵੀਰ ਰਸੀ ਵਾਰਾਂ ਤੇ ਅਧਿਆਤਮਕ ਵਾਰਾਂ। ਵੀਰ ਰਸੀ ਵਾਰਾਂ ਵਿਚ ਆਮ ਤੌਰ ਤੇ ਯੁੱਧ ਦਾ ਵੀਰ ਰਸ ਭਰਪੂਰ ਬਿਰਤਾਂਤ ਸਿਰਜਿਆ ਜਾਂਦਾ ਹੈ ਜਦੋਂ ਕਿ ਅਧਿਆਤਮਕ ਵਾਰਾਂ ਵਿਚ ਸ਼ਾਂਤ ਰਸ ਦੀ ਸਿਰਜਣਾ ਕੀਤੀ ਗਈ ਹੈ।          ਪੰਜਾਬੀ ਵਾਰ ਸਾਹਿਤ ਵਿਚ ਮੁੱਢਲਾ ਸਥਾਨ ਉਨ੍ਹਾਂ ਲੋਕ ਵਾਰਾਂ ਦਾ ਹੈ ਜਿਨ੍ਹਾਂ ਦੇ ਹਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਲਦੇ ਹਨ। ਇਨ੍ਹਾਂ ਵਿਚੋਂ ਕੁਝ ਵਾਰਾਂ ਹਨ ਰਾਇ ਕਮਾਲ ਮਉਜ ਦੀ ਵਾਰ, ਟੁੰਡੇ ਅਸਰਾਜੇ ਦੀ ਵਾਰ, ਸਿਕੰਦਰ ਇਬਰਾਹੀਮ ਦੀ ਵਾਰ, ਲੱਲੇ ਬਹਿਲੀਮੇ ਦੀ ਵਾਰ, ਹਸਨੇ ਮਹਿਮੇ ਦੀ ਵਾਰ, ਮੂਸੇ ਦੀ ਵਾਰ ਆਦਿ। ਇਨ੍ਹਾਂ ਲੋਕ ਵਾਰਾਂ ਵਿਚ ਭਿੰਨ ਭਿੰਨ ਰਾਜਿਆਂ ਰਜਵਾੜਿਆਂ ਵਿਚਕਾਰ ਯੁੱਧ ਅਤੇ ਸੰਘਰਸ਼ ਦਾ ਵੀਰ ਰਸ ਭਰਪੂਰ ਬਿਰਤਾਂਤ ਪੇਸ਼ ਕੀਤਾ ਗਿਆ ਹੈ। ਪਰ ਇਨ੍ਹਾਂ ਵਾਰਾਂ ਦੇ ਅੱਧੇ ਅਧੂਰੇ ਪਾਠ ਹੀ ਪ੍ਰਾਪਤ ਹਨ।
          ਵੀਰ ਰਸੀ ਵਾਰ ਦੀ ਪਰੰਪਰਾ ਵਿਚ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਵਾਰ ਵਿਚ ਗੁਰੂ ਕਵੀ ਨੇ ਮਾਰਕੰਡੇ ਪੁਰਾਣ ਦੀ ਮਿਥਿਹਾਸਕ ਕਥਾ ਨੂੰ ਲੈ ਕੇ ਦੇਵਤਿਆਂ ਅਤੇ ਰਾਖਸ਼ਾਂ ਦੇ ਯੁੱਧ ਦਾ ਵੀਰਤਾ ਪੂਰਣ ਬਿਰਤਾਂਤ ਪੇਸ਼ ਕੀਤਾ ਹੈ। ਇਹ ਵਾਰ ਪ੍ਰਤੀਕਾਤਮਕ ਤੌਰ ਤੇ ਨੇਕੀ ਅਤੇ ਬਦੀ ਵਿਚਕਾਰ ਸੰਘਰਸ਼ ਨੂੰ ਮੂਰਤੀਮਾਨ ਕਰਦੀ ਹੈ ਅਤੇ ਵੀਰ ਭਾਵਨਾ ਦਾ ਸੰਚਾਰ ਕਰਦੀ ਹੈ। ਇਸ ਤੋਂ ਬਾਦ ਪੰਜਾਬੀ ਵਿਚ ਅਨੇਕਾਂ ਵੀਰ ਰਸੀ ਵਾਰਾਂ ਦੀ ਸਿਰਜਣਾ ਹੋਈ। ਜਿਨ੍ਹਾਂ ਵਿਚ ਮੁੱਖ ਤੌਰ ਤੇ ਨਜਾਬਤ ਦੀ ਨਾਦਰਸ਼ਾਹ ਦੀ ਵਾਰ, ਭਾਈ ਗੁਰਦਾਸ ਦੂਜੇ ਦੀ ਗੁਰੂ ਖ਼ਾਲਸੇ ਦੀ ਵਾਰ, ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ, ਸਿੰਘਾਂ ਦੀ ਵਾਰ, ਮਹਾਂ ਸਿੰਘ ਦੀ ਵਾਰ, ਹਰੀ ਸਿੰਘ ਨਲਵੇ ਦੀ ਵਾਰ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਪੰਜਾਬੀ ਵਾਰ ਸਾਹਿਤ ਵਿਚ ਵੀ ਪੰਜਾਬੀ ਸਭਿਆਚਾਰ ਦੇ ਉਨ੍ਹਾਂ ਮੀਰੀ ਗੁਣਾਂ ਦੀ ਪੇਸ਼ਕਾਰੀ ਸਾਮ੍ਹਣੇ ਅਉਂਦੀ ਹੈ ਜੋ ਪੰਜਾਬੀ ਬੰਦੇ ਦੇ ਅਵਚੇਤਨ ਵਿਚ ਵਸੇ ਹੋਏ ਹਨ ਉਸਨੂੰ ਅਣਖ ਅਤੇ ਸਵੈਮਾਣ ਨਾਲ ਜਿਉਣ ਜਾਂ ਹੱਕ-ਇਨਸਾਫ਼ ਲਈ ਜੂਝਦੇ ਹੋਏ ਮਰ ਮਿਟਣ ਲਈ ਪ੍ਰੇਰਦੇ ਹਨ।
(2) ਮੱਧਕਾਲੀ ਪੰਜਾਬੀ ਵਾਰ ਕਾਵਿ ਦਾ ਲੋਕਧਾਰਾਈ ਅਧਿਐਨ : ਪੁਨਰ-ਮੁਲਾਂਕਣ
ਜਗਬੀਰ ਸਿੰਘ


ਵਾਰ ਕਾਵਿ ਮੱਧਕਾਲੀ ਪੰਜਾਬੀ ਸਾਹਿੱਤ ਦੀ ਇਕ ਮਹੱਤਵਪੂਰਣ ਕਾਵਿਧਾਰਾ ਹੈ। ਇਹ ਮੁੱਖ ਤੌਰ ਤੇ ਲੋਕ-ਕਾਵਿ ਦੇ ਰੂਪ ਵਿਚ ਵਿਕਸਿਤ ਹੋਇਆ ਰੂਪਾਕਾਰ (genre) ਹੈ। ਸਾਹਿਤ-ਸਿਰਜਣਾ ਦੇ ਵਿਲੱਖਣ ਰੂਪਾਕਾਰ ਵਜੋਂ ਵਾਰ ਦਾ ਸੰਬੰਧ ਵੀਰ-ਕਾਵਿ (heroic poetry) ਦੀ ਉਸ ਵਿਆਪਕ ਪਰੰਪਰਾ ਨਾਲ ਹੈ ਜਿਸ ਦੇ ਨਮੂਨੇ ਵਿਸ਼ਵ ਦੀਆਂ ਸਮੂਹ ਸਾਹਿਤਕ ਪਰੰਪਰਾਵਾਂ ਵਿਚ ਮਿਲਦੇ ਹਨ। ਵੀਰ ਕਾਵਿ ਦਾ ਇਹ ਯੁੱਗ ਭਿੰਨ-ਭਿੰਨ ਸਾਹਿਤਕ ਪਰੰਪਰਾਵਾਂ - ਜਿਵੇਂ ਯੂਨਾਨੀਰੋਮਨਜਰਮਨ ਆਦਿ - ਵਿਚ ਵੱਖੋ-ਵੱਖਰਾ ਹੈ। ਇਸ ਪ੍ਰਸੰਗ ਵਿਚ ਇੰਟਰਨੈੱਟ ਉੱਤੇ ਉਪਲੱਬਧ ਵਿਕੀਪੀਡੀਆ ਫ੍ਰੀ ਇਨਸਾਈਕਲੋਪੀਡੀਆ ਦੀਆਂ ਨਿਮਨ-ਅੰਕਿਤ ਪੰਗਤੀਆਂ ਦ੍ਰਿਸ਼ਟੀਗੋਚਰ ਹਨ :
“Most heroic poetry looks back to a dimly defined "heroic age" when a generation of superior beings performed extraordinary feats of skill and courage. The heroic age varies in different native literatures. The epics of Homer created in the 8th century BC centre on a war with Troy that may have occurred c. 1200 BC. The heroic poetry of the German, Scandinavian, and English peoples deals chiefly with a period from the 4th to 6th century AD, the time of the great migrations (Völker wanderung) of the Germanic people. Though some of the heroes portrayed are historical personages, their actions are often combined and related for artistic purposes, with no regard for actual historical chronology. Nevertheless, a heroic tale is assumed by the poet and his listeners to be somehow true. Its style is impersonal and objective, and the graphic realism of its detail gives it an air of probability that outweighs the occasional intrusion of marvellous elements.” (see, Heroic Poetry, internet resource)
ਵੀਰ ਕਾਵਿ ਦੀਆਂ ਇਨ੍ਹਾਂ ਰਚਨਾਵਾਂ ਵਿਚ ਕਿਸੇ ਸਮਾਜ-ਸਭਿਆਚਾਰ ਦੇ ਇਤਿਹਿਾਸਕ ਜਾਂ ਪੌਰਾਣਿਕ ਨਾਇਕਾਂ ਦੀ ਵੀਰਤਾ ਦਾ ਜੱਸ ਗਾਇਨ ਕੀਤਾ ਜਾਂਦਾ ਹੈ ਜੋ ਪਾਠਕਾਂ ਤੇ ਸਰੋਤਿਆਂ ਦੇ ਮਨਾਂ ਵਿਚ ਉਤਸਾਹ ਜਗਾਉਂਦਾ ਹੈ ਅਤੇ ਨੈਤਿਕ ਪ੍ਰੇਰਣਾ ਦਾ ਆਧਾਰ ਬਣਦਾ ਹੈ। ਪੰਜਾਬੀ ਸਾਹਿਤ ਵਿਚ ਵੀਰ-ਕਾਵਿ ਦਾ ਪ੍ਰਗਟਾਵਾ ਮੁੱਖ ਤੌਰ ਤੇ ਵਾਰ ਦੇ ਮਾਧਿਅਮ ਰਾਹੀਂ ਸਾਮ੍ਹਣੇ ਆਇਆ ਹੈ। ਇਸ ਕਾਵਿ ਧਾਰਾ ਦਾ ਲੋਕਧਾਰਾਈ ਅਧਿਐਨ ਕਰਨ ਤੋਂ ਪਹਿਲਾਂ ਵਾਰ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਅਤੇ ਇਸ ਦੇ ਸਿਰਜਣਾਤਮਕ ਸੰਦਰਭ ਨੂੰ ਦ੍ਰਿਸ਼ਟੀਗੋਚਰ ਕਰਨਾ ਜ਼ਰੂਰੀ ਜਾਪਦਾ ਹੈ।
ਵਾਰ ਪਦ ਦੀ ਵਿਉਤਪਤੀ ਸੰਸਕ੍ਰਿਤ ਦੇ ਵ੍ਰਿ ਧਾਤੂ ਤੋਂ ਮੰਨੀ ਹੈ ਜਿਸਦਾ ਅਰਥ ਹੈ - ਵਾਰ ਕਰਨਾ ਜਾਂ ਰੋਕਣਾਅਰਥਾਤ ਹੱਲੇ ਨੂੰ ਰੋਕਣ ਲਈ ਜਮ੍ਹਾ ਹੋਏ ਲੋਕਾਂ ਦਾ ਇੱਕਠ। ਇਸੇ ਤਰ੍ਹਾਂ ਸੰਸਕ੍ਰਿਤ ਦੇ ਵਾਰਣ ਸ਼ਬਦ ਵਿਚ ਵੀ ਇਸਦੀ ਵਿਉਤਪੱਤੀ ਤਲਾਸ਼ ਕੀਤੀ ਜਾਂਦੀ ਹੈ ਜਿਸਦਾ ਅਰਥ ਹੈ – ਵਿਸ਼ੈ ਦਾ ਉਚਿਤ ਪ੍ਰਭਾਵ ਸਿਰਜਣ ਲਈ ਘਟਨਾਵਾਂ ਦਾ ਉਲੇਖ ਕਰਨਾ। ਪੰਜਾਬੀ ਦੇ ਉੱਘੇ ਵਿਦਵਾਨਾਂ ਨੇ ਵਾਰ ਦੇ ਰੂਪਾਕਾਰ ਨੂੰ ਆਪੋ ਆਪਣੇ ਢੰਗ ਨਾਲ ਪਰਿਭਾਸ਼ਿਤ ਕਰਨ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵਿਚੋਂ ਕੁਝ ਮਹੱਤਵਪੂਰਣ ਪਰਿਭਾਸ਼ਾਵਾਂ ਨਿਮਨ-ਅੰਕਿਤ ਹਨ :
1. ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰਵਾਰ ਯੁੱਧ ਸੰਬੰਧੀ ਕਾਵਯਉਹ ਰਚਨਾ ਜਿਸ ਵਿਚ ਸ਼ੂਰਵੀਰਤਾ ਦਾ ਵਰਣਨ ਹੋਵੇ . . . ਵਾਰ ਸ਼ਬਦ ਦਾ ਅਰਥ ਪਉੜੀ ਛੰਦ ਵੀ ਹੋਇਆ ਹੈਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜੱਸ ਪੰਜਾਬੀ ਕਵੀਆਂ ਨੇ ਬਹੁਤ ਕਰ ਕੇ ਇਸੇ ਛੰਦ ਵਿਚ ਲਿਖਿਆ ਹੈ . . . ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਰਤਾਰ ਦੀ ਮਹਿਮਾ ਭਰੀ ਬਾਣੀ ਜੋ ਪਉੜੀ ਛੰਦਾਂ ਨਾਲ ਸਲੋਕ ਮਿਲਾ ਕੇ ਲਿਖੀ ਗਈ ਹੈ ਵਾਰ ਨਾਮ ਤੋਂ ਪ੍ਰਸਿੱਧ ਹੈ।  
2. ਡਾ. ਰਤਨ ਸਿੰਘ ਜੱਗੀ ਅਨੁਸਾਰ, “ਵਾਰ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿਚ ਕਿਸੇ ਯੋਧੇ ਦੇ ਪਰਾਕ੍ਰਮ ਦਾ ਚਿਤ੍ਰਣ ਕਰਕੇ ਪਾਠਕਾਂ/ਸਰੋਤਿਆਂ ਦਾ ਉਤਸਾਹ ਵਧਾਉਣ ਦਾ ਯਤਨ ਕੀਤਾ ਗਿਆ ਹੋਵੇ। 
3. ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਦੀ ਪੁਸਤਕ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਵਿਚ ਵਾਰ ਦੇ ਸਰੂਪ ਤੇ ਸੁਭਾ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਇਸ ਦੇ ਅਨੁਸਾਰ, “ਵਾਰਾਂ ਕਹਿਣ ਦਾ ਰਿਵਾਜ ਢੇਰ ਪੁਰਾਣਾ ਹੈ ਅਤੇ ਗੁਰੂ ਸਾਹਿਬਾਂ ਦੇ ਸਮੇਂ ਤਕ ਪੇਸ਼ਾਵਰ ਕਵੀਆਂ ਦੀਆਂ ਅਜਿਹੀਆਂ ਕਈ ਟੋਲੀਆਂ ਹੁੰਦੀਆਂ ਸਨ ਜੋ ਥਾਂ ਥਾਂ ਤੇ ਜਾ ਕੇ ਵਾਰਾਂ ਗਾਉਂਦੀਆਂ। ਇਨ੍ਹਾਂ ਨੂੰ ਢਾਡੀ ਜਾਂ ਭੱਟ ਕਿਹਾ ਜਾਂਦਾ ਸੀ। . . . ਢਾਡੀ ਜਾਂ ਭੱਟ ਤੋਂ ਆਮ ਕਰ ਕੇ ਜੱਸ ਜਾਂ ਪ੍ਰਸੰਸਾ ਵਾਲੀ ਕਵਿਤਾ ਗਾਉਣ ਤੋਂ ਲਿਆ ਜਾਂਦਾ ਹੈ। . . . ਇਸ ਵਿਚ ਕਿਸੇ ਯੋਧੇ ਦੀ ਬੀਰਤਾ ਦਾ ਬਿਆਨ ਤੇ ਜੱਸ ਹੁੰਦਾ ਹੈ। ਜੁੱਧ ਦਾ ਬਿਰਤਾਂਤਬੀਰਤਾ ਭਰਿਆ ਵਾਯੂਮੰਡਲ ਤੇ ਨਾਇਕ ਦੀ ਬਹਾਦਰੀ ਦੀ ਪ੍ਰਸੰਸਾ ਕਰਕੇ ਉਸਦੀ ਸ਼ਖ਼ਸੀਅਤ ਨੂੰ ਨਾਟਕੀ ਹੁਨਰ ਰਾਹੀਂ ਉਘਾੜਨਾਇਸਦੇ ਵਿਸ਼ੇਸ਼ ਲੱਛਣ ਹਨ। ਪਰੰਤੂ ਬਹਾਦਰੀ ਜੱਸ ਦੀ ਪਾਤਰ ਜ਼ਰੂਰ ਹੋਵੇ। ਵਾਰ ਵਿਚ ਜ਼ਾਲਮਜਾਬਰ ਤੇ ਅਪਰਾਧੀ ਦੀ ਪ੍ਰਸੰਸਾ ਨਹੀਂ ਕੀਤੀ ਜਾ ਸਕਦੀ। ਕਿਉਂਜੋ ਵਾਰ ਰਚ ਕੇ ਢਾਡੀ ਲੋਕ ਆਮ ਇਕੱਠਾਂ ਵਿਚ ਗਾਉਂਦੇ ਸਨਇਸ ਲਈ ਵਾਰ ਦੀ ਬੋਲੀ ਠੇਠਜ਼ੋਰਦਾਰ ਤੇ ਸਰਲ ਹੁੰਦੀ ਹੈ। ਇਸ ਤੋਂ ਇਲਾਵਾ ਕਿਸੇ ਨਾਇਕ ਦੀ ਵੀਰਤਾ ਦਾ ਵਖਾਣ ਕਰਨ ਨੂੰ ਵੀ ਵਾਰ ਆਖਿਆ ਜਾਂਦਾ ਸੀ।
ਇਸ ਤਰ੍ਹਾਂ ਵਾਰ ਸਾਹਿਤਕ ਪ੍ਰਗਟਾਵੇ ਦਾ ਅਜਿਹਾ ਰੂਪਾਕਾਰ ਹੈ ਜਿਸਦਾ ਮੁੱਖ ਲੱਛਣ ਕਾਵਿਕ ਬਿਰਤਾਂਤ ਦੇ ਮਾਧਿਅਮ ਰਾਹੀਂ ਸਥਾਪਿਤ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਾਰਤਾਲਾਪ ਅਤੇ ਸੰਘਰਸ਼ ਵਰਗੇ ਨਾਟਕੀ ਗੁਣਾਂ ਦਾ ਸਮਾਵੇਸ਼ ਵੀ ਹੁੰਦਾ ਹੈ ਜੋ ਇਸ ਨੂੰ ਇਕ ਜਟਿਲ ਕਿਸਮ ਦਾ ਰੂਪਾਕਾਰ ਬਣਾ ਦਿੰਦਾ ਹੈ। ਵਾਰ ਵਿਚਲਾ ਸੰਘਰਸ਼ ਜਾਂ ਟੱਕਰ ਦੋ ਯੋਧਿਆਂ ਵਿਚਕਾਰ ਹੋ ਸਕਦੀ ਹੈਨੇਕੀ ਅਤੇ ਬਦੀ ਵਿਚਕਾਰ ਹੋ ਸਕਦੀ ਹੈ ਅਤੇ ਦੋ ਵਿਚਾਰਾਂ ਜਾਂ ਵਿਚਾਰਧਾਰਾਵਾਂ ਵਿਚਕਾਰ ਵੀ ਹੋ ਸਕਦੀ ਹੈ। ਪਰ ਇਤਨਾ ਅਵੱਸ਼ ਹੈ ਕਿ ਵਾਰ ਵਿਚ ਨਾਇਕ ਦੀ ਵੀਰਤਾ ਜਾਂ ਨੇਕੀ ਦਾ ਯਸ਼ ਗਾਇਨ ਜ਼ਰੂਰ ਹੁੰਦਾ ਹੈ। ਵਾਰ ਆਮ ਤੌਰ ਤੇ ਪਉੜੀ ਛੰਦ ਵਿਚ ਰਚੀ ਗਈ ਹੁੰਦੀ ਹੈ। ਇਸ ਛੰਦ ਦੇ ਦੋ ਮੁੱਖ ਭੇਦ ਮੰਨੇ ਗਏ ਹਨ – ਸਿਰਖੰਡੀ ਤੇ ਨਿਸ਼ਾਨੀ। ਸਿਰਖੰਡੀ ਛੰਦ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਮੱਧ ਤੁਕਾਂਤ ਹੁੰਦਾ ਹੈ ਜਦੋਂ ਕਿ ਨਿਸ਼ਾਨੀ ਛੰਦ ਵਿਚ ਅੰਤ-ਤੁਕਾਂਤ ਦੀ ਵਰਤੋਂ ਕੀਤੀ ਜਾਂਦੀ ਹੈ। ਰਸ ਦੀ ਦ੍ਰਿਸ਼ਟੀ ਤੋਂ ਵਾਰ ਦਾ ਰੂਪਾਕਾਰ ਵੀਰ ਰਸ ਨਾਲ ਸੰਬੰਧਿਤ ਹੈ ਜਿਸਦਾ ਸਥਾਈ ਭਾਵ ਉਤਸਾਹ ਹੈ। ਪਰ ਇਸਦੇ ਨਾਲ ਹੀ ਇਸ ਰਚਨਾ ਵਿਚ ਹਾਸ ਰਸ ਅਤੇ ਰੌਦਰ ਰਸਾਂ ਦੀ ਵਰਤੋਂ ਵੀ ਉਚਿਤ ਢੰਗ ਨਾਲ ਕੀਤੀ ਜਾ ਸਕਦੀ ਹੈ। ਭਾਵੇਂ ਪੰਜਾਬੀ ਸਾਹਿਤ ਦੇ ਕੁਝ ਇਤਿਹਾਸਕਾਰਾਂ ਨੇ ਖ਼ੁਲਾਸਤੁਲ ਤਵਾਰੀਖ਼ ਦੇ ਹਵਾਲੇ ਨਾਲ ਤੇਰ੍ਹਵੀਂ ਸਦੀ ਵਿਚ ਅਮੀਰ ਖ਼ੁਸਰੋ (1251-1305 ਈ.) ਦੀ ਰਚੀ ਹੋਈ ਤੁਗ਼ਲਕ ਦੀ ਵਾਰ ਦਾ ਜ਼ਿਕਰ ਕੀਤਾ ਹੈ ਪਰ ਇਸ ਵਾਰ ਦਾ ਕੋਈ ਪ੍ਰਾਮਾਣਿਕ ਪਾਠ ਪ੍ਰਾਪਤ ਨਹੀਂ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੇ ਇਸ ਸੰਦਰਭ ਵਿਚ ਇੰਟਰਨੈੱਟ ਉੱਤੇ ਉਪਲੱਬਧ ਸਮੱਗਰੀ ਦੀ ਖੋਜ-ਪੜਤਾਲ ਵੀ ਕੀਤੀ ਹੈ ਪਰ ਅਜਿਹੀ ਕਿਸੇ ਵਾਰ ਦਾ ਹਵਾਲਾ ਨਹੀਂ ਮਿਲਿਆ। ਖ਼ੁਲਾਸਤੁਲ ਤਵਾਰੀਖ਼ ਦੇ ਕਰਤਾ ਨੇ ਅਮੀਰ ਖ਼ੁਸਰੋ ਦੀਆਂ ਰਚਨਾਵਾਂ ਵਿਚ ਉਸਦੀ ਇਕ ਰਚਨਾ ਤੁਗ਼ਲਕਨਾਮਾ ਦਾ ਜ਼ਿਕਰ ਜ਼ਰੂਰ ਕੀਤਾ ਹੈ ਪਰ ਇਸ ਨੂੰ ਕਿਸੇ ਤਰ੍ਹਾਂ ਵੀ ਪੰਜਾਬੀ ਵਾਰ ਦੇ ਅੰਤਰਗਤ ਨਹੀਂ ਰੱਖਿਆ ਜਾ ਸਕਦਾ ਕਿਉਂ ਜੋ ਇਹ ਫ਼ਾਰਸੀ ਗੱਦ ਵਿਚ ਰਚੀ ਗਈ ਰਚਨਾ ਹੈ। ਸਾਹਿਤਕ ਰੂਪਾਕਾਰ ਦੇ ਤੌਰ ਤੇ ਵਾਰ ਕਾਵਿ ਦਾ ਮੁੱਢ ਮੱਧਕਾਲ ਦੀਆਂ ਉਨ੍ਹਾਂ ਵੀਰ ਰਸੀ ਲੋਕ-ਵਾਰਾਂ ਨਾਲ ਬੱਝਦਾ ਹੈ ਜਿਨ੍ਹਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ ਅਤੇ ਜਿਨ੍ਹਾਂ ਦੇ ਕੁਝ ਆਂਸ਼ਿਕ ਨਮੂਨੇ ਵੀ ਪ੍ਰਾਪਤ ਹਨ। ਪਰ ਇਸ ਰੂਪਾਕਾਰ ਨਾਲ ਸੰਬੰਧਿਤ ਪਹਿਲੇ ਮੁਕੰਮਲ ਪਾਠ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ 22 ਵਾਰਾਂ ਦੇ ਰੂਪ ਵਿਚ ਹੀ ਮਿਲਦੇ ਹਨ।
ਇਸ ਤਰ੍ਹਾਂ ਮੱਧਕਾਲ ਦੇ ਪੰਜਾਬੀ ਸਾਹਿਤ ਵਿਚ ਦੋ ਤਰ੍ਹਾਂ ਦੀਆਂ ਵਾਰਾਂ ਦੀ ਰਚਨਾ ਹੋਈ ਹੈ – ਵੀਰ ਰਸੀ ਵਾਰਾਂ ਤੇ ਅਧਿਆਤਮਕ ਵਾਰਾਂ। ਵੀਰ ਰਸੀ ਵਾਰਾਂ ਵਿਚ ਆਮ ਤੌਰ ਤੇ ਯੁੱਧ ਦਾ ਵੀਰ ਰਸ ਭਰਪੂਰ ਬਿਰਤਾਂਤ ਸਿਰਜਿਆ ਜਾਂਦਾ ਹੈ ਜਦੋਂ ਕਿ ਅਧਿਆਤਮਕ ਵਾਰਾਂ ਵਿਚ ਰੂਹਾਨੀ ਚੇਤਨਾ ਦਾ ਸੰਚਾਰ ਕਰਨ ਵਾਲੇ ਸ਼ਾਂਤ ਰਸ ਦੀ ਸਿਰਜਣਾ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਮੁੱਖ ਤੌਰ ਤੇ ਨੈਤਿਕ ਅਤੇ ਅਧਿਆਤਮਕ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਭਾਵੇਂ ਇਨ੍ਹਾਂ ਦੋਹਾਂ ਵਿਚ ਛੰਦ-ਪ੍ਰਬੰਧ ਅਤੇ ਧੁਨੀ ਦੀ ਸਾਂਝ ਹੈ ਪਰ ਤਾਂ ਵੀ ਦੋਹਾਂ ਦਾ ਸੰਗਠਨ ਇਕ ਦੂਸਰੇ ਨਾਲੋਂ ਭਿੰਨ ਤੇ ਵਿਲੱਖਣ ਹੈ। ਕਾਰਣ ਇਹ ਹੈ ਕਿ ਲੋਕ ਵਾਰ ਵਿਚ ਸਮੂਰਤ ਨਾਇਕਾਂ/ਖਲਨਾਇਕਾਂ ਦੀ ਪੇਸ਼ਕਾਰੀ ਹੁੰਦੀ ਹੈ ਜਦੋਂ ਕਿ ਅਧਿਆਤਮਕ ਵਾਰ ਵਿਚ ਲੌਕਿਕ ਪਾਤਰਾਂ ਅਤੇ ਸਥਿਤੀਆਂ ਨੂੰ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਅਮੂਰਤ ਵਿਚਾਰਾਂ ਨੂੰ ਹੀ ਲੈਅ-ਬੱਧ ਢੰਗ ਨਾਲ ਪ੍ਰਸਤੁੱਤ ਕੀਤਾ ਜਾਂਦਾ ਹੈ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ 22 ਵਾਰਾਂ ਨੂੰ ਅਧਿਆਤਮਕ ਵਾਰ ਦੇ ਅੰਤਰਗਤ ਰੱਖਿਆ ਹੈ ਜੋ ਉਪਰੋਕਤ ਤੱਥ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਤੋਂ ਇਲਾਵਾ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਵੀ ਇਸੇ ਕਾਵਿ-ਪ੍ਰਵਿਰਤੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਿਰਜਿਤ ਪ੍ਰਵਚਨ ਵਿਚ ਪੇਸ਼ ਹੋਏ ਨੈਤਿਕ ਅਧਿਆਤਮਕ ਸੰਦੇਸ਼ ਅਤੇ ਸਿੱਖ ਧਰਮ ਦੇ ਪ੍ਰਵਰਤਕ ਗੁਰੂ ਨਾਨਕ ਦੇਵ ਦੇ ਕ੍ਰਾਂਤੀਕਾਰੀ ਜੀਵਨ-ਪ੍ਰਸੰਗਾਂ ਅਤੇ ਸ਼ਰਧਾਵਾਨ ਸਿੱਖਾਂ ਦੇ ਜੀਵਨ-ਬਿਰਤਾਂਤ ਨੂੰ ਵਾਰ ਦੇ ਮਾਧਿਅਮ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ। ਮੱਧਕਾਲੀ ਵਾਰ ਕਾਵਿ ਦਾ ਲੋਕ-ਧਾਰਾਈ ਅਧਿਐਨ ਕਰਨ ਲਈ ਇਨ੍ਹਾਂ ਦੋਹਾਂ ਕਾਵਿ-ਪ੍ਰਵਿਰਤੀਆਂ ਨੂੰ ਦ੍ਰਿਸ਼ਟੀਗੋਚਰ ਕਰਨਾ ਬਣਦਾ ਹੈ।
ਸ਼ਾਂਤ-ਰਸੀ ਅਧਿਆਤਮਕ ਵਾਰਾਂ ਦੇ ਲੋਕ-ਧਾਰਾਈ ਪਰਿਪੇਖ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਨ੍ਹਾਂ ਵੀਰ ਰਸੀ ਲੋਕ-ਵਾਰਾਂ ਦੀ ਗੱਲ ਕਰਨੀ ਜ਼ਰੂਰੀ ਜਾਪਦੀ ਹੈ ਜੋ ਸਿੱਧੇ ਤੌਰ ਤੇ ਲੋਕ ਵਿਰਸੇ ਦਾ ਅੰਗ ਹਨ ਅਤੇ ਲੋਕ-ਧਾਰਾਈ ਅਧਿਐਨ ਦੇ ਨੁਕਤੇ ਤੋਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਇਨ੍ਹਾਂ ਲੋਕ-ਵਾਰਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿਚੋਂ ਨਿਮਨ-ਅੰਕਿਤ 9 ਵਾਰਾਂ ਦੇ ਸਿਰਲੇਖਾਂ ਵਿਚ ਮਿਲਦੇ ਹਨ ਜਿਨ੍ਹਾਂ ਨੂੰ ਇਸ ਕਾਲ ਦੀਆਂ ਲੋਕ-ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ :
1.      ਆਸਾ ਦੀ ਵਾਰ ਮਹਲਾ 1          - ਟੁੰਡੇ ਅਸਰਾਜੇ ਕੀ ਧੁਨੀ
2.      ਮਾਝ ਕੀ ਵਾਰ ਮਹਲਾ 1  - ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ
3.      ਮਲਾਰ ਕੀ ਵਾਰ ਮਹਲਾ 1         - ਰਾਣੇ ਕੈਲਾਸ ਤਥਾ ਮਾਲਦੇਵ ਕੀ ਧੁਨੀ
4.      ਕਾਨੜੇ ਕੀ ਵਾਰ ਮਹਲਾ 3 - ਮੂਸੇ ਕੀ ਵਾਰ ਕੀ ਧੁਨੀ
5.      ਰਾਮਕਲੀ ਕੀ ਵਾਰ ਮਹਲਾ 3      - ਜੋਧੇ ਵੀਰੈ ਪੂਰਬਾਣੀ ਕੀ ਧੁਨੀ
6.      ਗੂਜਰੀ ਕੀ ਵਾਰ ਮਹਲਾ 3 - ਸਿਕੰਦਰ ਇਬਰਾਹੀਮ ਕੀ ਧੁਨੀ
7.      ਸਾਰੰਗ ਕੀ ਵਾਰ ਮਹਲਾ 4 - ਰਾਏ ਹਸਨੇ ਮਹਿਮੇ ਕੀ ਧੁਨੀ
8.      ਵਡਹੰਸ ਕੀ ਵਾਰ ਮਹਲਾ 4        - ਲੱਲਾ ਬਹਿਲੀਮਾ ਕੀ ਧੁਨੀ
9.      ਗਾਉੜੀ ਕੀ ਵਾਰ ਮਹਲਾ 5        - ਰਾਇ ਕਮਾਲ ਮਉਜ ਕੀ ਧੁਨੀ
ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਪੁਸਤਕ ਗੁਰਮਤਿ ਨਿਰਣੈ ਸਾਗਰ ਵਿਚ ਇਨ੍ਹਾਂ ਲੋਕ-ਵਾਰਾਂ ਦੇ ਕੁਝ ਅੰਸ਼ ਪੇਸ਼ ਕੀਤੇ ਹਨ ਪਰ ਇਨ੍ਹਾਂ ਅੱਧੇ ਅਧੂਰੇ ਪਾਠਾਂ ਦੇ ਆਧਾਰ ਤੇ ਇਸ ਲੋਕ-ਵਾਰ ਦੇ ਪ੍ਰਤਿਮਾਨਕ ਸਰੂਪ ਦਾ ਨਿਖੇੜਾ ਨਹੀਂ ਕੀਤਾ ਜਾ ਸਕਦਾ। ਤਾਂ ਵੀ ਇਨ੍ਹਾਂ ਰਚਨਾਵਾਂ ਦੇ ਪਾਠਗਤ ਅੰਸ਼ਾਂ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਵਾਰ ਦੀਆਂ ਨੁਮਾਇੰਦਾ ਰੂਪਾਕਾਰਕ ਵਿਸ਼ੇਸ਼ਤਾਵਾਂ ਅਤੇ ਇਨ੍ਹਾਂ ਦੇ ਸਿਰਕਣਾਤਮਕ ਸੰਦਰਭਾਂ ਦੀ ਨਿਸ਼ਾਨਦੇਹੀ ਜ਼ਰੂਰ ਕੀਤੀ ਜਾ ਸਕਦੀ ਹੈ।        
ਲੋਕ-ਵਾਰਾਂ ਦੇ ਇਨ੍ਹਾਂ ਪ੍ਰਾਪਤ ਪਾਠ-ਅੰਸ਼ਾਂ ਅਤੇ ਇਨ੍ਹਾਂ ਨਾਲ ਜੁੜੇ ਕਥਾ-ਪਸੰਗਾਂ ਨੂੰ ਵਾਚਣ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵਿਚ ਰਾਜਪੂਤੀ ਅਤੇ ਮੁੱਢਲੇ ਇਸਲਾਮੀ ਦੌਰ ਦੇ ਰਾਜਿਆਂ ਰਜਵਾੜਿਆਂ ਵਿਚਕਾਰ ਯੁੱਧ ਅਤੇ ਸੰਘਰਸ਼ ਦਾ ਵੀਰ ਰਸ ਭਰਪੂਰ ਬਿਰਤਾਂਤ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਵਿਸ਼ੈਗਤ ਸਮੱਗਰੀ ਪੰਜਾਬੀ ਲੋਕ ਮਨ ਵਿਚ ਵਸੇ ਹੋਏ ਵੀਰ-ਨਾਇਕ ਦੇ ਉਸ ਸੰਕਲਪ ਨੂੰ ਮੂਰਤੀਮਾਨ ਕਰਦੀ ਹੈ ਜੋ ਪੰਜਾਬ ਦੇ ਸਦੀਆਂ ਪੁਰਾਣੇ ਸੰਘਰਸ਼ਮਈ ਇਤਿਹਾਸਕ ਅਨੁਭਵ ਵਿਚੋਂ ਉਪਜਿਆ ਹੈ ਅਤੇ ਇੱਥੋਂ ਦੇ ਵਸਨੀਕਾਂ ਦੇ ਅਵਚੇਤਨ ਦਾ ਅਨਿੱਖੜ ਅੰਗ ਬਣ ਗਿਆ ਹੈ। ਇਨ੍ਹਾਂ ਲੋਕ-ਵਾਰਾਂ ਵਿਚਲੇ ਨਾਇਕ ਉਤਸਾਹੀ ਵੀ ਹਨ ਅਤੇ ਨੈਤਿਕ ਗੁਣਾਂ ਦੇ ਧਾਰਣੀ ਵੀ। ਮਿਸਾਲ ਵਜੋਂ ਟੁੰਡੇ ਅਸਰਾਜੇ ਦੀ ਵਾਰ ਨਾਲ ਸੰਬੰਧਿਤ ਪ੍ਰਸੰਗ ਦੇਖਿਆ ਜਾ ਸਕਦਾ ਹੈ। ਰਾਜਾ ਸਾਰੰਗ ਦੀ ਪਹਿਲੀ ਪਤਨੀ ਮਰ ਗਈ ਤੇ ਉਸ ਨੇ ਦੂਜਾ ਵਿਆਹ ਕਰ ਲਿਆ। ਉਹ ਰਾਣੀ ਅਸਰਾਜ ਉੱਤੇ ਮੋਹਿਤ ਹੋਈ ਪਰ ਅਸਰਾਜ ਨੇ ਉਸਦੀ ਕੋਈ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਰਾਣੀ ਦੇ ਕਹਿਣ ਤੇ ਸਾਰੰਗ ਨੇ ਆਪਣੇ ਪੁੱਤਰ ਨੂੰ ਸਜ਼ਾ ਦਿੱਤੀ। ਜਦੋਂ ਅਸਰਾਜ ਬਚ ਜਾਣ ਕਰਕੇ ਇਕ ਹੋਰ ਨਗਰ ਦਾ ਰਾਜਾ ਬਣ ਗਿਆ ਤਾਂ ਉਸਦੇ ਪਿਤਾ ਸਾਰੰਗ ਦੇ ਨਗਰ ਵਿਚ ਕਾਲ ਪੈ ਗਿਆ ਤੇ ਉਹ ਉਸ ਦੀ ਸਹਾਇਤਾ ਵਾਸਤੇ ਅਨਾਜ ਭੇਜਦਾ ਰਿਹਾ। ਸਾਰੰਗ ਨੇ ਆਪਣੇ ਪੁੱਤਰ ਤੋਂ ਖਿਮਾ ਮੰਗੀ ਤੇ ਉਸ ਨੂੰ ਵਾਪਸ ਸੱਦਿਆ। ਕਿਉਂਕਿ ਅਸਰਾਜੇ ਦੇ ਮਤਰਏ ਭਰਾ ਉਸ ਨੂੰ ਸਵੀਕਾਰ ਨਹੀਂ ਸਨ ਕਰਦੇਇਸ ਲਈ ਅਸਰਾਜੇ ਨੇ ਉਨ੍ਹਾਂ ਨਾਲ ਯੁੱਧ ਕੀਤਾ ਤੇ ਜਿੱਤ ਪ੍ਰਾਪਤ ਕੀਤੀ। । ਜਿਸ ਨੂੰ ਢਾਡੀਆ ਨੇ ਵਾਰ ਦੇ ਰੂਪ ਵਿਚ ਗਾਇਆ ਹੈ। ਨਮੂਨੇ ਵਜੋਂ ਇਸ ਵਾਰ ਦੀਆਂ ਕੁਝ ਪੰਗਤੀਆਂ ਪੇਸ਼ ਹਨ :
ਭਵਕਿਓ ਸ਼ੇਰ ਸਰਦੂਲ ਰਾਇਰਣ ਮਾਰੂ ਬੱਜੇ।
ਖਾਨ ਸੁਲਤਾਨ ਬਡ ਸੂਰਮੇਵਿਚ ਰਣ ਦੇ ਗੱਜੇ।
ਖ਼ਤ ਲਿਖੇ ਟੁੰਡੇ ਅਸਰਾਜ ਨੂੰਪਾਤਸ਼ਾਹੀ ਅੱਜੇ।
ਟਿੱਕਾ ਸਾਰੰਗ ਬਾਪ ਨੇਦਿੱਤਾ ਭਰ ਲੱਜੇ।
ਫਤਹ ਪਾਇ ਅਸਰਾਜ ਜੀਸ਼ਾਹੀ ਘਰ ਸੱਜੇ।
(ਟੁੰਡੇ ਅਸਰਾਜੇ ਦੀ ਵਾਰ)
        ਇਸੇ ਤਰ੍ਹਾਂ ਲੱਲਾ ਤੇ ਬਹਿਲੀਮਾ ਕਾਂਗੜੇ ਦੇ ਇਲਾਕੇ ਦੇ ਦੋ ਜਾਗੀਰਦਾਰ ਸਰਦਾਰ ਸਨ। ਇਹ ਦੋਵੇਂ ਪਹਿਲਾਂ ਮਿੱਤਰ ਸਨ ਪਰ ਕਿਸੇ ਗੱਲੋਂ ਦੋਹਾਂ ਵਿਚਕਾਰ ਦੁਸ਼ਮਣੀ ਪੈ ਗਈ। ਇਹ ਦੁਸ਼ਮਣੀ ਦੋਹਾਂ ਵਿਕਾਰ ਹੋਏ ਸਮਝੌਤੇ ਦੇ ਟੁੱਟਣ ਕਾਰਣ ਹੁੰਦੀ ਹੈ। ਦੋਹਾਂ ਵਿਚਕਾਰ ਯੁੱਧ ਹੁੰਦਾ ਹੈ ਜਿਸਦਾ ਬਿਰਤਾਂਤ ਢਾਡੀਆ ਨੇ ਵਾਰ ਦੇ ਮਾਧਿਅਮ ਰਾਹੀਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉਸਾਰਿਆ ਹੈ :
ਕਾਲ ਲੱਲਾ ਦੇ ਦੇਸ ਦਾਖੋਹਿਆ ਬਹਿਲੀਮਾ।
        ਹਿੱਸਾ ਛੱਟਾ ਮਨਾਇਕੈਜਲ ਨਹਿਰੋਂ ਦੀਨਾ।
        ਫਿਰਾਹੁਨ ਹੋਏ ਲੱਲਾ ਨੇਰਣ ਮੰਡਿਆ ਧੀਮਾ।
        ਭੇੜ ਦੁਹਾਂ ਵਿਚ ਮੱਚਿਆਸੱਟ ਪਈ ਅਜ਼ੀਮਾਂ।
        ਸਿਰ ਧੜ ਡਿਗੇ ਖੇਤ ਵਿਚਜਿਉਂ ਵਾਹਣ ਢੀਮਾਂ।
        ਮਾਸ਼ਾਰੇ ਲੱਲਾ ਬਹਿਲੀਮ ਨੇਰਣ ਮੇਂ ਧਰ ਸੀਮਾਂ।
(ਲੱਲਾ ਬਹਿਲੀਮਾ ਦੀ ਵਾਰ)
        ਜੰਗਾਂ ਅਤੇ ਯੁੱਧਾਂ ਵਿਚ ਬਹਾਦਰੀ ਨਾਲ ਲੜਨ ਵਾਲੇ ਬੰਦਿਆਂ ਨੂੰ ਹੀ ਲੋਕ ਮਨ ਨਾਇਕ ਵਜੋਂ ਸਵੀਕਾਰ ਕਰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸਿਕੰਦਰ ਇਬਰਾਹੀਮ ਦੀ ਵਾਰ ਦੀਆਂ ਨਿਮਨ-ਅਕਿਤ ਪੰਗਤੀਆਂ ਵਿਚ ਸਾਮ੍ਹਣੇ ਆਉਂਦਾ ਹੈ :
ਸਿਕੰਦਰ ਕਹੇ ਬਿਰਾਹਮ ਨੂੰਇਕ ਗੱਲ ਹੈ ਕਾਈ।
        ਤੇਰੀ ਸਾਡੀ ਰਣ ਵਿਚਅੱਜ ਪਈ ਲੜਾਈ।
        ਤੂੰ ਨਹੀਂ ਕਿ ਮੈਂ ਨਾਹਇਹ ਹੁੰਦੀ ਆਈ।
        ਰਾਜਪੂਤੀ ਜਾਤੀ ਨੱਸਿਆਰਣ ਲਾਜ ਮਰਾਹੀ।
        ਲੜੀਏ ਆਹਮੋ ਸਾਹਮਣੇਜੋ ਕਰੇ ਸੋ ਸਾਈ।                              
        ਵੀਰ ਰਸੀ ਵਾਰ ਦੀ ਪਰੰਪਰਾ ਵਿਚ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਵਿਸ਼ੇਸ਼ ਮਹੱਤਵ ਰੱਖਦੀ ਹੈ।ਇਹ ਵਾਰ ਪੰਜਾਬੀ ਲੋਕ-ਵਾਰ ਦੇ ਵਿਧੀ-ਵਿਧਾਨ ਅਨੁਸਾਰ ਰਚੀ ਗਈ ਵੀਰ ਰਸ-ਪ੍ਰਧਾਨ ਰਚਨਾ ਹੈ। ਇਸ ਵਾਰ ਵਿਚ ਗੁਰੂ ਕਵੀ ਨੇ ਮਾਰਕੰਡੇ ਪੁਰਾਣ ਦੀ ਮਿਥਿਹਾਸਕ ਕਥਾ ਨੂੰ ਲੈ ਕੇ ਦੇਵਤਿਆਂ ਅਤੇ ਰਾਖਸ਼ਾਂ ਦੇ ਯੁੱਧ ਦਾ ਵੀਰਤਾ ਪੂਰਣ ਬਿਰਤਾਂਤ ਪੇਸ਼ ਕੀਤਾ ਹੈ। ਇਹ ਵਾਰ ਪ੍ਰਤੀਕਾਤਮਕ ਤੌਰ ਤੇ ਨੇਕੀ ਅਤੇ ਬਦੀ ਵਿਚਕਾਰ ਸੰਘਰਸ਼ ਨੂੰ ਮੂਰਤੀਮਾਨ ਕਰਦੀ ਹੈ ਅਤੇ ਵੀਰ ਭਾਵਨਾ ਦਾ ਸੰਚਾਰ ਕਰਦੀ ਹੈ। ਇਸ ਵਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਿਸ ਪੌਰਾਣਿਕ ਪ੍ਰਸੰਗ ਨੂੰ ਆਧਾਰ ਬਣਾ ਕੇ ਰਚੀ ਗਈ ਹੈ ਉਹ ਪੰਜਾਬੀ ਅਤੇ ਭਾਰਤੀ ਲੋਕਧਾਰਾਈ ਵਿਰਾਸਤ ਦਾ ਅੰਗ ਹੈ। ਇਸਦੇ ਆਰੰਭ ਵਿਚ ਕਵੀ ਨੇ ਮੰਗਲਾਚਰਣ ਦੀ ਪ੍ਰਾਚੀਨ ਕਾਵਿ ਪਰੰਪਰਾ ਦਾ ਨਿਭਾਉ ਕੀਤਾ ਹੈ ਅਤੇ ਸੱਭ ਤੋਂ ਪਹਿਲਾਂ ਭਗਉਤੀ ਨੂੰ ਸਿਮਰਿਆ ਹੈ ਜਿਸਨੂੰ ਗੁਰੂ ਜੀ ਨੇ ਆਦਿ ਸ਼ਕਤੀ ਦੇ ਪ੍ਰਤੀਕ ਵਜੋਂ ਸੰਕਲਪਿਆ ਹੈ।
ਖੰਡਾ ਪ੍ਰਥਮੈ ਸਾਜ ਕੈ ਜਿਨਿ ਸਭੁ ਸੰਸਾਰ ਉਪਾਇਆ।
ਬ੍ਰਹਮਾ ਬਿਸਨ ਮਹੇਸ ਸਾਜਿ ਕੁਦਰਤੀ ਦਾ ਖੇਲ ਰਚਾਇਆ।
ਸਿਰਜੇ ਦਾਨੋ ਦੇਵਤੇ ਤਿਨਾਂ ਅੰਦਰਿ ਬਾਦੁ ਰਚਾਇਆ।
ਤੈਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸ ਕਰਾਇਆ।
ਇਹ ਪੰਗਤੀਆ ਭਾਰਤੀ ਲੋਕ ਮਨ ਦੇ ਅਵਚੇਤਨ ਵਿਚ ਵਸੀ ਹੋਈ ਸ੍ਰਿਸ਼ਟੀ ਰਚਨਾ ਦੀ ਮਿੱਥ ਨੂੰ ਇਤਿਹਾਸਕ ਚੁਣੌਤੀਆਂ ਨਾਲ ਨਿਜਿਠਣ ਲਈ ਨਵੀਨ ਅਰਥ-ਸਾਰਥਕਤਾ ਪ੍ਰਦਾਨ ਕਰਦੀਆਂ ਹਨ। ਇਸ ਤਰ੍ਹਾਂ ਗੁਰੂ ਕਵੀ ਲੋਕ-ਧਾਰਾਈ ਵਿਰਾਸਤ ਨੂੰ ਵਿਚਾਰਧਾਰਾਈ ਹਥਿਆਰ ਬਣਾਉਣ ਵਲ ਰੁਚਿਤ ਹਨ। ਮਾਰਕੰਡੇ ਪੁਰਾਣ ਵਿਚ ਵਰਣਿਤ ਸਥਿਤੀ ਇਕ ਰਾਜੇ ਦੀ ਉਦਾਸੀਨਤਾ ਨਾਲ ਸੰਬੰਧਿਤ ਸੀ ਜਦੋਂ ਕਿ ਇਸ ਕਥਾ ਨੂੰ ਵਾਰ ਦੇ ਰੂਪਾਕਾਰ ਵਿਚ ਢਾਲ ਕੇ ਦਲਿਤ ਅਤੇ ਦਮਿਤ ਪਰਜਾ ਦੀ ਉਦਾਸੀਨਤਾ ਨਾਲ ਜੋੜ ਦਿੱਤਾ ਗਿਆ ਹੈ। ਜਿਸ ਤਰ੍ਹਾਂ ਦੁਰਗਾ ਪਾਠ ਸੁਣ ਕੇ ਰਾਜੇ ਦੀ ਉਦਾਸੀ ਦੂਰ ਹੁੰਦੀ ਹੈ ਓਸੇ ਤਰ੍ਹਾਂ ਚੰਡੀ ਦੀ ਵਾਰ ਅਤਿਆਚਾਰੀ ਸ਼ਾਸਨ ਦੇ ਸਤਾਈ ਹੋਈ ਪਰਜਾ ਦੇ ਮਨੋਬਲ ਨੂੰ ਮਜ਼ਬੂਤ ਕਰਦੀ ਦਿਖਾਈ ਦਿੰਦੀ ਹੈ।
ਇਸ ਵਾਰ ਵਿਚ 55 ਪਉੜੀਆਂ ਹਨ ਜਿਨ੍ਹਾਂ ਵਿਚ ਚੰਡੀ (ਭਗਉਤੀ) ਦੇ ਰਾਖਸ਼ਾਂ ਨਾਲ ਯੁੱਧ ਦਾ ਬਿਰਤਾਂਤ ਉਸਾਰਿਆ ਗਿਆ ਹੈ। ਚੰਡੀ ਦੀ ਵਾਰ ਦੀ ਕਥਾ ਵਸਤੂ ਇੰਦਰ ਦੀ ਰਾਖਸ਼ਾਂ ਹੱਥੋਂ ਹੋਈ ਹਾਰ ਅਤੇ ਉਸਦੀ ਦੁਰਗਾ ਪਾਸ ਪੁਕਾਰ ਨਾਲ ਸ਼ੁਰੂ ਹੁੰਦੀ ਹੈ ਅਤੇ ਭਿਆਨਕ ਯੁੱਧਾਂ ਤੋਂ ਬਾਦ ਪ੍ਰਾਪਤ ਹੋਣ ਵਾਲੀ ਜਿਤ ਨਾਲ ਖਤਮ ਹੁੰਦੀ ਹੈ।
        ਇਸ ਵਾਰ ਦੀ ਮੁੱਖ ਵਿਸ਼ੇਸ਼ਤਾ ਯੁੱਧ ਦੇ ਉਮਾਹ ਭਰਪੂਰ ਵਰਣਨ ਵਿਚ ਛੁਪੀ ਹੋਈ ਹੈ। ਗੁਰੂ ਕਵੀ ਨੇ ਯੋਧਿਆਂ ਦੀ ਬਹਾਦਰੀ ਪ੍ਰਤਿ ਪ੍ਰਸੰਸਾਤਮਕ ਦ੍ਰਿਸ਼ਟੀ ਅਪਣਾਈ ਹੈ – ਯੋਧਾ ਭਾਵੇ ਸੁਰ ਹੋਵੇ ਅਤੇ ਭਾਵੇਂ ਅਸੁਰਦੈਂਤ ਹੋਵੇ ਭਾਵੇਂ ਦੇਵਤਾ। ਇਸ ਵਾਰ ਦਾ ਤੱਤਕਾਲੀਨ ਸੰਦਰਭ ਵੀ ਆਪ-ਮੁਹਾਰੇ ਹੀ ਉਜਾਗਰ ਹੋ ਉਠਦਾ ਹੈ ਜਦੋਂ ਅਸੀਂ ਇਸ ਵਾਰ ਵਿਚਲੀਆਂ ਪ੍ਰਤਿ-ਦਵੰਦੀ ਸ਼ਕਤੀਆਂ ਨੂੰ ਨੇਕੀ ਅਤੇ ਬਦੀ ਦੇ ਰੂਪਕਾਂ ਵਜੋਂ ਵਾਚਦੇ ਹਾਂ। ਰਚਨਾਕਾਰ ਦੀ ਖ਼ੂਬੀ ਇਹ ਹੈ ਕਿ ਇਸ ਵਿਚ ਮੂਲ ਕਥਾਨਕ ਦੇ ਕਥਾ-ਸੂਤਰਾਂ ਨਾਲੋਂ ਵਧੇਰੇ ਉਨ੍ਹਾਂ ਵਿਚਲੇ ਵੀਰਤਾ ਭਰਪੂਰ ਪ੍ਰਸੰਗਾਂ ਨੂੰ ਮਹੱਤਵ ਪ੍ਰਦਾਨ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਰਚਨਾ ਮਿੱਥ ਦੇ ਹਵਾਲੇ ਨਾਲ ਭਾਰਤੀ ਲੋਕ ਮਨ ਦੇ ਅਵਚੇਤਨ ਸੋਮਿਆਂ ਨੂੰ ਟੁੰਬਣ ਦਾ ਜਤਨ ਕਰਦੀ ਹੈ। ਇਹ ਗੱਲ ਗੁਰੂ ਕਵੀ ਦੇ ਜੀਵਨ ਉਦੇਸ਼ ਅਤੇ ਰੂਹਾਨੀ ਸੰਦੇਸ਼ ਦੋਹਾਂ ਨਾਲ ਮੇਲ ਖਾਂਦੀ ਹੈ।
ਇਸ ਤੋਂ ਬਾਦ ਪੰਜਾਬੀ ਵਿਚ ਅਨੇਕਾਂ ਵੀਰ ਰਸੀ ਵਾਰਾਂ ਦੀ ਸਿਰਜਣਾ ਹੋਈ। ਜਿਨ੍ਹਾਂ ਵਿਚ ਮੁੱਖ ਤੌਰ ਤੇ ਨਜਾਬਤ ਦੀ ਨਾਦਰਸ਼ਾਹ ਦੀ ਵਾਰਭਾਈ ਗੁਰਦਾਸ ਦੂਜੇ ਦੀ ਗੁਰੂ ਖ਼ਾਲਸੇ ਦੀ ਵਾਰਪੀਰ ਮੁਹੰਮਦ ਦੀ ਚੱਠਿਆਂ ਦੀ ਵਾਰਸਿੰਘਾਂ ਦੀ ਵਾਰਮਹਾਂ ਸਿੰਘ ਦੀ ਵਾਰਹਰੀ ਸਿੰਘ ਨਲਵੇ ਦੀ ਵਾਰ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਪੰਜਾਬੀ ਵਾਰ ਸਾਹਿਤ ਵਿਚ ਵੀ ਪੰਜਾਬੀ ਸਭਿਆਚਾਰ ਦੇ ਉਨ੍ਹਾਂ ਮੀਰੀ ਗੁਣਾਂ ਦੀ ਪੇਸ਼ਕਾਰੀ ਸਾਮ੍ਹਣੇ ਅਉਂਦੀ ਹੈ ਜੋ ਪੰਜਾਬੀ ਬੰਦੇ ਦੇ ਅਵਚੇਤਨ ਵਿਚ ਵਸੇ ਹੋਏ ਹਨ ਉਸਨੂੰ ਅਣਖ ਅਤੇ ਸਵੈਮਾਣ ਨਾਲ ਜਿਉਣ ਜਾਂ ਹੱਕ-ਇਨਸਾਫ਼ ਲਈ ਜੂਝਦੇ ਹੋਏ ਮਰ ਮਿਟਣ ਲਈ ਪ੍ਰੇਰਦੇ ਹਨ।
        ਪਰੰਪਰਕ ਵਾਰ ਵਿਚ ਸੱਭ ਤੋਂ ਪਹਿਲਾਂ ਮੰਗਲਾਚਰਣ ਆਉਂਦਾ ਹੈ ਜਿਸ ਵਿਚ ਕਵੀ ਆਪਣੇ ਇਸ਼ਟ ਦੀ ਆਰਾਧਨਾ ਜਾਂ ਉਸਦਾ ਸਿਮਰਣ ਕਰਦਾ ਹੈ। ਇਸ ਤੋਂ ਬਾਦ ਵਾਰ ਦੀ ਕਥਾ-ਵਸਤੂ ਆਮ ਤੌਰ ਤੇ ਤਿੰਨ ਅਵਸਥਾਵਾਂ ਵਿਚੋਂ ਲੰਘਦੀ ਹੈ। ਪਹਿਲੀ ਅਵਸਥਾ ਵਿਚ ਸੰਘਰਸ਼ ਦੇ ਕਾਰਣਾਂ ਉਪਰ ਚਾਨਣਾ ਪਾਇਆ ਜਾਂਦਾ ਹੈ। ਦੂਜੀ ਅਵਸਥਾ ਵਿਚ ਸੰਘਰਸ਼ ਜਾਂ ਟੱਕਰ ਦਾ ਚਿਤਰਣ ਹੁੰਦਾ ਹੈ ਅਤੇ ਤੀਜੀ ਅਵਸਥਾ ਸਮਾਧਾਨ ਦੀ ਹੁੰਦੀ ਹੈ। ਇਸ ਵਿਚ ਸੰਘਰਸ਼ ਦੇ ਸਿੱਟਿਆਂ ਦਾ ਵਰਣਨ ਕੀਤਾ ਜਾਂਦਾ ਹੈ। ਅੰਤ ਉੱਤੇ ਰਚਨਾ ਦਾ ਮਹਾਤਮ ਹੁੰਦਾ ਹੈ।
        ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ 22 ਵਾਰਾਂ ਨੂੰ ਅਧਿਆਤਮਕ ਵਾਰ ਦੀ ਵਿਧਾ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਗੁਰਮਤਿ ਵਿਚਾਰਧਾਰਾ ਅਤੇ ਜੀਵਨ ਜਾਚ ਦੇ ਮੂਲ ਸਿੱਧਾਂਤਾਂ ਨੂੰ ਹੀ ਪਉੜੀ ਪ੍ਰਬੰਧ ਅਤੇ ਲੋਕ-ਪ੍ਰਚੱਲਤ ਵਾਰਾਂ ਦੀਆਂ ਧੁਨੀਆਂ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਜਦੋਂ ਅਸੀਂ ਇਨ੍ਹਾਂ ਅਧਿਆਤਮਕ ਵਾਰਾਂ ਨੂੰ ਲੋਕਧਾਰਾਈ ਅਧਿਐਨ ਦੇ ਪਰਿਪੇਖ ਵਿਚ ਰੱਖ ਕੇ ਵਾਚਦੇ ਹਾਂ ਤਾਂ ਇਨ੍ਹਾਂ ਦਾ ਲੋਕ-ਵਾਰ ਨਾਲ ਨਜ਼ਦੀਕੀ ਰਿਸ਼ਤਾ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਸਮੁੱਚੇ ਗੁਰਮਤਿ ਕਾਵਿ ਦੀ ਉੱਘੜਵੀਂ ਵਿਸ਼ੇਸ਼ਤਾ ਇਸਦਾ ਲੋਕਧਾਰਾ  ਨਾਲ ਡੂੰਘਾ ਰਿਸ਼ਤਾ ਹੈ। ਬਾਣੀਕਾਰ ਅਨੇਕਾਂ ਥਾਵਾਂ ਉੱਤੇ ਲੋਕ-ਪ੍ਰਚੱਲਤ ਕਾਵਿ ਰੂਪਾਂ - ਜਿਵੇਂਵਾਰਛੰਤਬਾਰਹ ਮਾਹਅਲਾਹਣੀਆਂ - ਨੂੰ ਆਪਣੀ ਸਿਰਜਣਾ ਦਾ ਆਧਾਰ ਬਣਾਉਂਦੇ ਹਨ। ਇਹ ਕਾਵਿ-ਰੂਪ ਭਾਰਤ ਦੀ ਕਲਾਸੀਕਲ ਕਾਵਿ ਪਰੰਪਰਾ ਨਾਲ ਵੀ ਸੰਬੰਧਿਤ ਹਨ ਅਤੇ ਲੋਕ ਕਾਵਿ ਪਰੰਪਰਾ ਨਾਲ ਵੀ। ਪਰ ਬਾਣੀਕਾਰਾਂ ਨੇ ਕਾਵਿ ਦੇ ਇਨ੍ਹਾਂ ਰੂਪਾਕਾਰਾਂ ਨੂੰ ਇਨ੍ਹਾਂ ਦੇ ਮੌਲਿਕ ਰੂਪ ਵਿਚ ਨਹੀਂ ਵਰਤਿਆ ਸਗੋਂ ਗੁਰਬਾਣੀ ਦੀ ਅਧਿਆਤਮਕ ਵਸਤੂ ਦੀਆਂ ਸੰਚਾਰ-ਲੋੜਾਂ ਅਨੁਸਾਰ ਇਨ੍ਹਾਂ ਦਾ ਰੂਪਾਂਤਰਣ ਕਰ ਦਿੱਤਾ ਹੈ। ਇਹ ਠੀਕ ਹੈ ਕਿ ਬਾਣੀਕਾਰ ਇਨ੍ਹਾਂ ਲੋਕ-ਕਾਵਿ ਰੂਪਾਂ ਦੀਆਂ ਬਾਹਰ-ਮੁਖੀ ਤਕਨੀਕੀ ਜੁਗਤਾਂ ਅਤੇ ਰੂੜ੍ਹੀਆਂ ਨੂੰ ਹੀ ਇਸਤੇਮਾਲ ਕਰਦੇ ਹਨ ਪਰ ਇਸਤੋਂ ਉਨ੍ਹਾਂ ਦੀ ਕਾਵਿ-ਦ੍ਰਿਸ਼ਟੀ ਦਾ ਪ੍ਰਮਾਣ ਵੀ ਮਿਲ ਜਾਂਦਾ ਹੈ। ਨਿਸ਼ਚੇ ਹੀ ਇਹ ਕਾਵਿ-ਦ੍ਰਿਸ਼ਟੀ ਲੋਕ ਜੀਵਨ ਨਾਲ ਪ੍ਰਤਿਬੱਧਤਾ ਦੀ ਲਖਾਇਕ ਹੈ। ਬਾਣੀਕਾਰਾਂ ਨੇ ਇਨ੍ਹਾਂ ਲੋਕ ਕਾਵਿ ਰੂਪਾਂ ਨੂੰ ਆਪਣੇ ਰੂਹਾਨੀ ਸੰਦੇਸ਼ ਨਾਲ ਜੋੜ ਕੇ ਇਕ ਤਰ੍ਹਾਂ ਨਾਲ ਇਨ੍ਹਾਂ ਦਾ ਥੀਮਕ ਦ੍ਰਿਸ਼ਟੀ ਤੋਂ ਰੂਪਾਂਤਰਣ ਕਰਨ ਦਾ ਉਪਰਾਲਾ ਵੀ ਕੀਤਾ ਹੈ। ਮਿਸਾਲ ਵਜੋਂ ਵਾਰ ਦਾ ਲੋਕ-ਕਾਵਿ ਰੂਪ ਵੀਰ ਰਸ ਦਾ ਸੰਚਾਰ ਕਰਨ ਵਲ ਰੁਚਿਤ ਹੁੰਦਾ ਹੈ ਅਤੇ ਉਹ ਕਿਸੇ ਬਹਾਦੁਰ ਯੋਧੇ ਦੀ ਉਤਸਾਹ ਨਾਲ ਭਰਪੂਰ ਗਾਥਾ ਬਿਆਨ ਕਰਦਾ ਹੈ। ਪਰ ਵਾਰ ਦਾ ਇਹੀ ਕਾਵਿ-ਰੂਪ ਸ਼ਾਂਤ ਰਸ ਦਾ ਸਿਰਜਣ ਕਰਨ ਵਾਲੀ ਅਧਿਆਤਮਕ ਸਥਿਤੀ ਉਸਾਰਨ ਵਲ ਰੁਚਿਤ ਹੁੰਦਾ ਹੈ। ਇਕ ਤਰ੍ਹਾਂ ਨਾਲ ਅਸੀਂ ਇਨ੍ਹਾਂ ਵਾਰਾਂ ਨੂੰ ਵੀਰ ਰਸੀ ਲੋਕ ਵਾਰ ਦਾ ਰੂਪਾਂਤਰਣ ਵੀ ਆਖ ਸਕਦੇ ਹਾਂ ਕਿਉਂਜੋ ਇਨ੍ਹਾਂ ਵਾਰਾਂ ਵਿਚ ਕੋਈ ਮਨੁੱਖ ਵਿਅਕਤੀ ਨਾਇਕ ਜਾਂ ਖਲਨਾਇਕ ਵਜੋਂ ਪੇਸ਼ ਨਹੀਂ ਹੁੰਦਾ ਅਤੇ ਇਥੇ ਸੰਘਰਸ਼ ਦਾ ਰੂਪ ਵੀ ਵਿਚਾਰ ਜਾਂ ਵਿਚਾਰਧਾਰਾ ਵਾਲਾ ਹੁੰਦਾ ਹੈ।
ਇਸ ਤੱਥ ਨੂੰ ਪ੍ਰਮਾਣਿਤ ਕਰਨ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਇਕ ਵਾਰ – ਗੁਰੂ ਨਾਨਕ ਦੇਵ ਰਚਿਤ ਆਸਾ ਦੀ ਵਾਰ ਨੂੰ ਦ੍ਰਿਸ਼ਟੀਗੋਚਰ ਕਰ ਸਕਦੇ ਹਾਂ। ਇਸ ਵਾਰ ਦੇ ਆਰੰਭ ਵਿਚ ਇਕ ਮਹੱਤਵਪੂਰਣ ਟਿੱਪਣੀ ਦਿੱਤੀ ਗਈ ਹੈ – ‘ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਵਾਰ ਦੇ ਪਰੰਪਰਕ ਪਉੜੀ-ਪ੍ਰਬੰਧ ਦੇ ਨਾਲ ਸ਼ਲੋਕ ਵੀ ਲਿਖੇ ਗਏ ਹਨ। ਇਹ ਟਿੱਪਣੀ ਸਪਸ਼ਟ ਕਰਦੀ ਹੈ ਕਿ ਰਚਨਾ ਵਿਚਲੇ ਇਹ ਦੋਵੇਂ ਤੱਤ ਸਵੈ-ਆਧਾਰੀ ਹਨ। ਜੇ ਪਉੜੀਆਂ ਦਾ ਅੰਦਰਲਾ ਡਿਜ਼ਾਈਨ ਪਰਾਭੌਤਿਕਤਾ ਨਾਲ ਸੰਬੰਧਿਤ ਹੈ ਤਾਂ ਸ਼ਲੋਕਾਂ ਵਿਚ ਵਧੇਰੇ ਸਮਕਾਲੀ ਯਥਾਰਥ ਅਤੇ ਸਾਮਾਜਿਕ ਸੰਦਰਭ ਬਾਰੇ ਟਿੱਪਣੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਪਉੜੀਆਂ ਨਾਲੋਂ ਵੱਖ ਕਰਕੇ ਵੀ ਵਿਚਾਰਿਆ ਜਾ ਸਕਦਾ ਹੈ।
        ਪਉੜੀਆਂ ਦੇ ਰੂਪ ਵਿਚ ਆਸਾ ਦੀ ਵਾਰ ਪੰਜਾਬੀ ਦੇ ਪ੍ਰਸਿੱਧ ਲੋਕ ਕਾਵਿ-ਰੂਪ ਵਾਰ ਦਾ ਅਨੁਸਰਣ ਕਰਦੀ ਹੈ ਜਿਸਦਾ ਪ੍ਰਮਾਣ ਇਸ ਵਾਰ ਦੇ ਸਿਰਲੇਖ ਦੇ ਨਾਲ ਟੁੰਡੇ ਅਸਰਾਜੈ ਕੀ ਧੁਨੀ ਲਿਖਿਆ ਹੋਣਾ ਹੈ। ਗੁਰੂ ਨਾਨਕ ਦੇਵ ਨੇ ਵਾਰ ਦੇ ਪਰੰਪਰਕ ਰੂਪਾਕਾਰ ਵਿਚ ਪ੍ਰਯੋਗੀਸ਼ੀਲ ਪਰਿਵਰਤਨ ਲਿਆਉਣ ਦੀ ਚੇਸ਼ਟਾ ਕੀਤੀ ਹੈ। ਪਰੰਪਰਕ ਲੋਕ-ਵਾਰ ਪਉੜੀਵਾਰ ਛੰਦ-ਪ੍ਰਬੰਧ ਦੇ ਮਾਧਿਅਮ ਰਾਹੀਂ ਕਿਸੇ ਯੁੱਧ ਦੇ ਕਥਾਨਕ ਨੂੰ ਪੇਸ਼ ਕਰਦੀ ਸੀ। ਉਸ ਵਿਚਲਾ ਨਾਇਕ ਦਾਨਵੀਰਤਾਨੈਤਿਕਤਾ ਜਾਂ ਬਹਾਦਰੀ ਦੇ ਗੁਣਾਂ ਨਾਲ ਭਰਪੂਰ ਹੁੰਦਾ ਸੀ ਅਤੇ ਉਤਸਾਹ ਦੇ ਭਾਵ ਰਾਹੀਂ ਵੀਰ ਰਸ ਦਾ ਸੰਚਾਰ ਕਰਨ ਦਾ ਵਸੀਲਾ ਹੋ ਨਿਬੜਦਾ ਸੀ। ਮੂਲ ਰੂਪ ਵਿਚ ਵਾਰ ਦਾ ਅੰਦਰਲਾ ਸੰਗਠਨ ਕਿਸੇ ਸੰਘਰਸ਼ ਜਾਂ ਦਵੰਦ ਨੂੰ ਉਭਾਰਦਾ ਸੀ। ਆਸਾ ਦੀ ਵਾਰ ਲੋਕ-ਵਾਰ ਦੇ ਕੇਵਲ ਛੰਦ-ਪ੍ਰਬੰਧ ਨੂੰ ਆਧਾਰ ਬਣਾਉਂਦੀ ਹੈ ਜਦੋਂ ਕਿ ਨਾਇਕ ਅਤੇ ਕਥਾਨਕ ਨਾਲ ਸੰਬੰਧਿਤ ਰੂੜ੍ਹੀਆਂ ਨੂੰ ਅਣਗੌਲਿਆਂ ਕਰ ਦਿੰਦੀ ਹੈ। ਗੁਰੂ ਕਵੀ ਨੇ ਲੋਕ-ਵਾਰ ਦੇ ਬਿਰਤਾਂਤਕ ਅਤੇ ਨਾਟਕੀ ਤੱਤਾਂ ਦਾ ਤਿਆਗ ਕਰ ਕੇ ਇਸਨੂੰ ਨਿਰੋਲ ਥੀਮੈਟਿਕ ਰੂਪ ਦੇ ਦਿੱਤਾ ਹੈ ਜਿਸ ਵਿਚ ਜਿਉਂਦੇ ਜਾਗਦੇ ਸਮੂਰਤ ਪਾਤਰਾਂ ਦੀ ਥਾਵੇਂ ਅਮੂਰਤ ਸੰਕਲਪ ਹਨ। ਇਨ੍ਹਾਂ ਅਮੂਰਤ ਸੰਕਲਪਾਂ ਵਿਚਕਾਰ ਜੇ ਕੋਈ ਸੰਘਰਸ਼ ਜਾਂ ਦਵੰਦ ਹੈ ਵੀ ਤਾਂ ਉਹ ਪਰਾਭੌਤਿਕਤਾ ਦੇ ਧਰਾਤਲ ਉੱਤੇ ਹੀ ਵਾਪਰਦਾ ਹੈ। ਇਸ ਤਰ੍ਹਾਂ ਇਹ ਵਾਰ ਲੋਕ ਵਾਰ ਨਾਲੋਂ ਨਿਵੇਕਲਾ ਸਰੂਪ ਗ੍ਰਹਿਣ ਕਰ ਜਾਂਦੀ ਹੈ ਜਿਸਨੂੰ ਵਿਦਵਾਨਾਂ ਨੇ ਅਧਿਆਤਮਕ ਵਾਰ ਆਖਣਾ ਉਚਿਤ ਸਮਝਿਆ ਹੈ। ਆਦਿ ਗ੍ਰੰਥ ਦੇ ਹੋਰਨਾਂ ਗੁਰੂ ਕਵੀਆਂ ਨੇ ਗੁਰੂ ਨਾਨਕ ਰਚਿਤ ਵਾਰਾਂ ਨੂੰ ਹੀ ਆਪਣੀਆਂ  ਵਾਰਾਂ ਦਾ ਮਾੱਡਲ ਬਣਾਇਆ ਅਤੇ ਇਸ ਤਰ੍ਹਾਂ ਪੰਜਾਬੀ ਸਾਹਿਤ ਵਿਚ ਅਧਿਆਤਮਕ ਵਾਰ ਦਾ ਨਵਾਂ ਪ੍ਰਯੋਗਸ਼ੀਲ ਕਾਵਿ-ਰੂਪ ਉੱਭਰ ਕੇ ਸਾਮ੍ਹਣੇ ਆਇਆ।
ਆਸਾ ਦੀ ਵਾਰ ਦੀਆਂ ਕੁੱਲ 24 ਪਉੜੀਆਂ ਹਨ। ਇਨ੍ਹਾਂ ਵਿਚ ਦਵੰਦ ਦਾ ਰੂਪ ਪਰਾਭੌਤਿਕ ਹੈ। ਮਨੁੱਖ ਦਾ ਅੰਦਰਲਾ ਸੰਸਾਰ ਇਸ ਦਵੰਦ ਦਾ ਕਰਮ-ਖੇਤਰ ਹੈ। ਇਥੇ ਪਰਸਪਰ ਵਿਰੋਧੀ ਵਿਚਾਰ ਅਤੇ ਭਾਵਨਾਵਾਂ ਤਣਾਉ ਅਤੇ ਟਕਰਾਉ ਦੀ ਸਥਿਤੀ ਵਿਚ ਦਿਖਾਈ ਦਿੰਦੀਆਂ ਹਨ। ਸਚਿਆਰ ਤੇ ਕੂੜਿਆਰਸੰਸਾਰੀ ਤੇ ਭਗਤਹਉਮੈ ਤੇ ਹੁਕਮਨਾਮ ਤੇ ਰੂਪ ਵਰਗੇ ਵਿਰੋਧ-ਜੁੱਟ ਇਸ ਆਂਤਰਿਕ ਦਵੰਦ ਦੀ ਰੂਪ-ਰੇਖਾ ਨੂੰ ਉਘਾੜਨ ਵਾਲੇ ਧਰਮਸ਼ਾਸਤਰੀ ਸੰਕਲਪ ਹਨ। ਕਥਾ-ਵਸਤੂ ਤੋਂ ਸੱਖਣੀ ਹੋਣ ਕਾਰਣ ਰਚਨਾ ਵਿਚ ਦਵੰਦ ਦਾ ਨਾਟਕੀ ਰੰਗ ਨਹੀਂ ਉਭਰਦਾ ਸਗੋਂ ਵਿਚਾਰਾਂ ਦਾ ਵਿਰੋਧ ਬਣ ਕੇ ਰਹਿ ਜਾਂਦਾ ਹੈ। ਗੁਰੂ ਵਿਅਕਤੀ ਨੇ ਆਪਣੀ ਰਚਨਾ ਦਾ ਆਰੰਭ ਪਰਾਭੌਤਿਕ ਪਰਿਕਲਪਨਾ ਦੇ ਮਾਧਿਅਮ ਰਾਹੀਂ ਇਕ ਤਰ੍ਹਾਂ ਦੀ ਬ੍ਰਹਿਮੰਡੀ ਮਿੱਥ ਸਿਰ ਕੇ ਕੀਤਾ ਹੈ :
        ਆਪੀਨ੍‍ੈ ਆਪੁ ਸਾਜਿਓ ਆਪੀਨ੍‍ੈ ਰਚਿਓ ਨਾਉ ॥
        ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
        ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
        ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ਕਰਿ ਆਸਣੁ ਡਿਠੋ ਚਾਉ ॥1 
        ਮੰਗਲਾਚਰਣ ਦੀ ਕਾਵਿ-ਰੂੜ੍ਹੀ ਦਾ ਨਿਭਉ ਕਰਦੀ ਹੋਈ ਇਹ ਪਉੜੀ ਸਮੁੱਚੇ ਯਥਾਰਥ ਨੂੰ ਆਪਣੀ ਰਚਨਾ-ਬੁਣਤੀ ਦਾ ਅੰਗ ਬਣਾਉਂਦੀ ਹੋਈ ਬ੍ਰਹਿਮੰਡੀ ਮਿੱਥ ਦਾ ਰੂਪ ਧਾਰਣ ਕਰ ਲੈਂਦੀ ਹੈ। ਇਸਦੇ ਅਨੁਸਾਰ ਦਿਸਦਾ ਜਗਤ ਕਿਸੇ ਅਦ੍ਰਿਸ਼ਟ ਸਿਰਜਣਹਾਰ ਦੈਵੀ ਸੱਤਾ ਦੀ          ਰਚਨਾ ਹੈ ਜਿਸਨੇ ਆਪਣੀ ਕਰਤਾਰੀ ਸ਼ਕਤੀ ਦੁਆਰਾ ਕੁਦਰਤ ਨੂੰ ਸਾਜਿਆ ਹੈ ਅਤੇ ਜੋ ਮਨੁੱਖ ਨੂੰ ਸਰੀਰ ਰੂਪੀ ਕਪੜਾ ਦਿੰਦਾ ਹੈ ਤੇ ਫੇਰ ਲੈ ਵੀ ਲੈਂਦਾ ਹੈ। ਇਸ ਤਰ੍ਹਾਂ ਇਹ ਵਾਰ ਮਨੁੱਖੀ ਹੋਂਦ ਨੂੰ ਪਾਰਗਾਮੀ ਸੰਦਰਭ ਵਿਚ ਰੱਖ ਕੇ ਉਸਦੇ ਸੰਭਾਵੀ ਰੂਪਾਂਤਰਣ ਦਾ ਸੰਘਰਸ਼ਸ਼ੀਲ ਦ੍ਰਿਸ਼ ਪੇਸ਼ ਕਰਦੀ ਹੈ।
        ਹੁਣ ਆਸਾ ਦੀ ਵਾਰ ਵਿਚਲੇ ਸ਼ਲੋਕਾਂ ਦੀ ਗੱਲ ਕੀਤੀ ਜਾ ਸਕਦੀ ਹੈ। ਇਸ ਰਚਨਾ ਵਿਚਲੇ ਬਹੁਤ ਸਾਰੇ ਸ਼ਲੋਕ ਇਸਦੇ ਪਉੜੀ-ਪ੍ਰਬੰਧ ਨਾਲੋਂ ਵੱਖਰੀ ਸਥਿਤੀ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚਲਾ ਸੰਦਰਭ ਪਰਾਭੌਤਿਕਤਾ ਨਾਲੋਂ ਵਧੇਰੇ ਤੱਤਕਾਲੀਨ ਸਾਮਾਜ ਅਤੇ ਸਭਿਆਚਾਰ ਨਾਲ ਸੰਬੰਧਿਤ ਹੈ। ਭਾਵੇਂ ਇਸ ਵਿਚਲੇ ਕੁਝ ਸ਼ਲੋਕ ਪਉੜੀਆਂ ਵਿਚਲੀ ਪਰਾਭੌਤਿਕਤਾ ਨਾਲ ਵੀ ਮੇਲ ਖਾਂਦੇ ਹਨ ਪਰ ਤਾਂ ਵੀ ਇਨ੍ਹਾਂ ਦੀ ਵਿਲੱਖਣਤਾ ਸਵੈਸਿੱਧ ਹੈ। ਤੱਤਕਾਲੀਨ ਸਾਮਾਜਿਕ ਸੰਦਰਭ ਵਲ ਸੰਕੇਤ ਕਰਨ ਵਾਲੇ ਸ਼ਲੋਕਾਂ ਵਿਚ ਗੁਰੂ ਨਾਨਕ ਦੇਵ ਨੇ ਆਪਣੀ ਆਲੋਚਨਾ-ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਹੈ। ਇਸ ਵਰਗ ਦੇ ਕੁਝ ਸ਼ਲੋਕ ਨਿਮਨ-ਅੰਕਿਤ ਹਨ :
        ਵਾਇਨਿ ਚੇਲੇ ਨਚਨਿ ਗੁਰ ॥
        ਪੈਰ ਹਲਾਇਨਿ ਫੇਰਨ੍‍ ਿਸਿਰ ॥
        ਉਡਿ ਉਡਿ ਰਾਵਾ ਝਾਟੈ ਪਾਇ ॥
        ਵੇਖੈ ਲੋਕੁ ਹਸੈ ਘਰਿ ਜਾਇ ॥
       ਰੋਟੀਆ ਕਾਰਣਿ ਪੂਰਹਿ ਤਾਲ ॥
        ਆਪੁ ਪਛਾੜਹਿ ਧਰਤੀ ਨਾਲਿ ॥
        ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
        ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
        ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥
        ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥            
        ਇਸ ਤਰ੍ਹਾਂ ਇਨ੍ਹਾਂ ਸ਼ਲੋਕਾਂ ਵਿਚ ਗੁਰੂ ਕਵੀ ਨੇ ਆਪਣੇ ਵੇਲੇ ਦੇ ਧਰਮਾਂ ਅਤੇ ਪ੍ਰਚੱਲਤ ਧਰਮ-ਸਾਧਨਾਵਾਂ ਦੀ ਸਥਿਤੀ ਦਾ ਬਿਆਨ ਕੀਤਾ ਹੈ। ਪਰ ਅਗਲੇਰੇ ਸ਼ਲੋਕਾਂ ਵਿਚ ਉਹ ਦੰਭੀ ਚਰਿਤਰ ਵਾਲੇ ਧਾਰਮਿਕ ਵਿਅਕਤੀਆਂ ਅਤੇ ਆਗੂਆਂ ਦੀ ਤਿੱਖੀ ਆਲੋਚਨਾ ਵੀ ਕਰਦੇ ਹਨ :
        ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
        ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
        ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
       ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
        ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
        ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
        ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
        ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
        ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
       ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥2 
ਸਮੁੱਚੇ ਰੂਪ ਵਿਚ ਆਸਾ ਦੀ ਵਾਰ ਅਧਿਆਤਮ-ਚਿੰਤਨ ਦੇ ਨਾਲ ਨਾਲ ਤੱਤਕਾਲੀਨ ਸਮਾਜ-ਸਭਿਆਚਾਰ ਦੀ ਹਕੀਕਤ ਨਾਲ ਵੀ ਸਿਰਜਣਾ ਦਾ ਸਰੋਕਾਰ ਜੋੜਦੀ ਹੈ ਅਤੇ ਪ੍ਰਚੱਲਤ ਧਰਮਾਂਸੰਸਥਾਵਾਂਅਤੇ ਰਾਜਸੀ ਵਿਵਸਥਾ ਉੱਪਰ ਆਲੋਚਨਾਤਮਕ ਟਿੱਪਣੀਆਂ ਵੀ ਪੇਸ਼ ਕਰਦੀ ਹੈ। ਅਜਿਹੀ ਸਥਿਤੀ ਵਿਚ ਇਸ ਵਾਰ ਨੂੰ ਇਤਿਹਾਸਕਾਰਾਂ ਨੇ ਵੀ ਆਪਣੀ ਸਰੋਤ-ਮੂਲਕ ਸਮੱਗਰੀ ਵਜੋਂ ਪਛਾਣਿਆਂ ਹੈ। ਇਸੇ ਵਾਰ ਨੂੰ ਅਸੀਂ ਲੋਕਧਾਰਾਈ ਪਰਿਪੇਖ ਵਿਚ ਰੱਖ ਕੇ ਵਿਚਾਰਦਿਆਂ ਇਸਦੇ ਮਹੱਤਵ ਦਾ ਨਵਾਂ ਪਾਸਾਰ ਖੋਲ੍ਹ ਸਕਦੇ ਹਾਂ। ਇੱਥੇ ਗੁਰੂ ਕਵੀ ਆਪਣੇ ਅਧਿਆਤਮਕ ਸੰਦੇਸ਼ ਨੂੰ ਸੰਚਾਰਿਤ ਕਰਨ ਲਈ ਲੋਕ-ਵਾਰ ਦੀ ਵਿਧੀ ਤੇ ਤਕਨੀਕ ਦਾ ਸਾਰਥਕ ਪ੍ਰਯੋਗ ਕਰਨ ਵਲ ਰੁਚਿਤ ਹੁੰਦੇ ਦ੍ਰਿਸ਼ਟੀਗੋਚਰ ਹੁੰਦੇ ਹਨ।
        ਇਸ ਤਰ੍ਹਾਂ ਜ਼ਾਹਰ ਹੈ ਕਿ ਗੁਰਮਤਿ ਕਾਵਿ ਦੇ ਅੰਤਰਗਤ ਰਚੀਆਂ ਗਈਆਂ ਵਾਰਾਂ ਲੋਕ ਵਾਰ ਦੇ ਰੂਪਾਕਾਰ ਨਾਲੋਂ ਭਿੰਨ ਤੇ ਵਿਲੱਖਣ ਹਨ। ਇਨ੍ਹਾਂ ਵਾਰਾਂ ਦੀ ਬਾਰਹਰਮੁਖੀ ਸੰਰਚਨਾ ਤਾਂ ਭਾਵੇਂ ਲੋਕ ਵਾਰ ਨਾਲ ਮੇਲ ਖਾਂਦੀ ਹੈ ਪਰ ਇਨ੍ਹਾਂ ਦੀ ਵਸਤੂ-ਸਮੱਗਰੀ ਲੌਕਿਕ ਸਰੋਕਾਰਾਂ ਨਾਲ ਨਹੀਂ ਸਗੋਂ ਪਰਮਾਰਥਕ ਸਰੋਕਾਰਾਂ ਨਾਲ ਸੰਬੰਧਿਤ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਅਧਿਆਤਮਕ ਵਾਰ ਲੋਕ ਵਾਰ ਦਾ ਪ੍ਰਯੋਗਸ਼ੀਲ ਰੂਪਾਂਤਰਣ ਹੈ। ਇਸੇ ਵਿਚ ਹੀ ਇਸਦੀ ਮੌਲਿਕਤਾ ਅਤੇ ਵਿਲੱਖਣਤਾ ਦਾ ਰਹੱਸ ਛੁਪਿਆ ਹੋਇਆ ਹੈ।
        ਇਸੇ ਤਰ੍ਹਾਂ ਭਾਈ ਗੁਰਦਾਸ ਨੇ ਵੀ ਆਪਣੀਆਂ ਵਾਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਅਧਿਆਤਮਕ ਵਾਰਾਂ ਦਾ ਹੀ ਅਨੁਸਰਣ ਕੀਤਾ ਹੈ। ਪਰ ਇਨ੍ਹਾਂ ਵਾਰਾਂ ਵਿਚ ਇਕ ਮੌਲਿਕ ਅੰਤਰ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਇਹ ਹੈ ਕਿ ਇਹ ਵਾਰਾਂ ਮੁੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਸੰਕਲਪਾਂ ਦੀ ਵਿਆਖਿਆ ਨਾਲ ਸੰਬੰਧਿਤ ਹਨ। ਇਸੇ ਲਈ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਆਖਿਆ ਜਾਂਦਾ ਹੈ। ਤਾਂ ਵੀ ਇਨ੍ਹਾਂ ਵਾਰਾਂ ਵਿਚ ਭਾਈ ਗੁਰਦਾਸ ਨੇ ਭਾਰਤੀ ਲੋਕ ਮਨ ਵਿਚ ਵਸੇ ਹੋਏ ਪੌਰਾਣਿਕ ਪ੍ਰਸੰਗਾਂ ਅਤੇ ਲੋਕਧਾਰਾਈ ਵਿਸ਼ਵਾਸ਼-ਧਾਰਣਾਵਾਂ ਦੀ ਢੁਕਵੀਂ ਵਰਤੋਂ ਕੀਤੀ ਹੈ। ਇਕ ਤਰ੍ਹਾਂ ਨਾਲ ਲੋਕਧਾਰਾਈ ਸਮੱਗਰੀ ਨੂੰ ਅਰਥ-ਸੰਚਾਰ ਦੀ ਜੁਗਤ ਬਣਾਇਆ ਗਿਆ ਹੈ ਜੋ ਆਪਣੇ ਆਪ ਵਿਚ ਮਹੱਤਵਪੂਰਣ ਹੈ। ਭਾਈ ਗੁਰਦਾਸ ਦੀ ਪਹਿਲੀ ਵਾਰ ਇਸ ਪੱਖੋਂ ਅਦੁੱਤੀ ਹੈ। ਇਸ ਵਿਚ ਗੁਰੂ ਨਾਨਕ ਨੂੰ ਧਰਮ-ਪ੍ਰਵਰਤਕ ਦੇ ਰੂਪ ਵਿਚ ਸਥਾਪਿਤ ਕਰਦਿਆ ਲੋਕ-ਬਿਰਤਾਂਤ ਦੀਆਂ ਅਨੇਕਾਂ ਕਥਾਨਕ-ਰੂੜ੍ਹੀਆਂ ਦੀ ਵਰਤੋਂ ਕੀਤੀ ਗਈ ਹੈ। ਮਿਸਾਲ ਵਜੋਂ ਇਸ ਵਾਰ ਦੀਆਂ ਮੰਗਲਾਚਰਣ ਵਾਲੀਆਂ ਨਿਮਨ-ਅੰਕਿਤ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
        ਨਮਸਕਾਰ ਗੁਰਦੇਵ ਕੋ ਸਤਨਾਮੁ ਜਿਸ ਮੰਤ੍ਰ ਸੁਣਾਯਾ॥         
ਭਵਜਲ ਵਿੱਚੋਂ ਕੱਢਕੇ ਮੁਕਤਿ ਪਦਾਰਥ ਮਾਂਹਿ ਸਮਾਯਾ॥        
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥      
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦੁਖ ਸਬਾਯਾ॥       
ਜਮਦੰਡ ਸਿਰੋਂ ਨ ਉਤਰੈ ਸਾਕਤ ਦੁਰਜਨ ਜਨਮ ਗਵਾਯਾ॥    
ਚਰਨ ਗਹੇ ਗੁਰਦੇਵ ਕੇ ਸਤਿ ਸਬਦ ਦੇ ਮੁਕਤਿ ਕਰਾਯਾ॥
        ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥
        ਜੇਹਾ ਬੀਉ ਤੇਹਾ ਫਲ ਪਾਯਾ ॥1
ਇਨ੍ਹਾਂ ਪੰਗਤੀਆਂ ਵਿਚ ਕਵੀ ਨੇ ਆਪਣੇ ਰਚਨਾ-ਨਾਇਕ ਦੇ ਜੀਵਨ ਸੰਦੇਸ਼ ਨੂੰ ਦ੍ਰਿੜ੍ਹ ਕਰਦਿਆਂ ਉਸਦੀ ਰੂਹਾਨੀ ਵਿਲੱਖਣਤਾ ਦਾ ਅਹਿਸਾਸ ਜਗਾਇਆ ਹੈ। ਸਮੁੱਚੀ ਵਾਰ ਵਿਚ ਗੁਰੂ ਨਾਨਕ ਦੇਵ ਦੇ ਇਸੇ ਕ੍ਰਾਂਤੀਕਾਰੀ ਬਿੰਬ ਨੂੰ ਉਸਾਰਨ ਲਈ ਲੋਕ ਰੂੜ੍ਹੀਆਂ ਦਾ ਸਹਾਰਾ ਲਿਆ ਗਿਆ ਹੈ। ਇਸ ਮੰਤਵ ਲਈ ਇਸ ਵਾਰ ਦੀ 23ਵੀਂ ਪਉੜੀ ਦੀਆਂ ਇਹ ਪੰਗਤੀਆਂ ਦ੍ਰਿਸ਼ਟੀਗੋਚਰ ਹਨ :
ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥
        ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ॥
        ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ॥
        ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
        ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
        ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥
        ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ॥
        ਕਲਿ ਤਾਰਣ ਗੁਰ ਨਾਨਕ ਆਯਾ ॥23
        ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਮੱਧਕਾਲੀ ਪੰਜਾਬੀ ਵਾਰ ਕਾਵਿ ਦਾ ਪੰਜਾਬ ਦੀ ਲੋਕ ਧਾਰਾ ਨਾਲ ਨਜ਼ਦੀਕੀ ਤੇ ਡੂੰਘਾ ਰਿਸ਼ਤਾ ਹੈ। ਪੰਜਾਬੀ ਵਿਚ ਇਸ ਕਾਵਿ-ਰੂਪ ਦਾ ਆਗ਼ਾਜ਼ ਹੀ ਲੋਕ-ਕਾਵਿ ਦੇ ਤੌਰ ਤੇ ਹੋਇਆ ਹੈ। ਇਸ ਤੋਂ ਬਾਦ ਇਸਦਾ ਵਿਕਾਸ ਵੀਰ ਰਸੀ ਵਾਰ ਅਤੇ ਅਧਿਆਤਮਕ ਵਾਰ ਦੇ ਰੂਪ ਵਿਚ ਸਾਮ੍ਹਣੇ ਆਉਂਦਾ ਹੈ। ਪਰ ਇਨ੍ਹਾਂ ਦੋਹਾਂ ਹੀ ਪ੍ਰਵਿਰਤੀਆਂ ਦੇ ਮਾਧਿਅਮ ਰਾਹੀਂ ਹੋਂਦ ਵਿਚ ਆਈ ਸਮੁੱਚੀ ਵਾਰ ਕਾਵਿ ਪਰੰਪਰਾ ਲੋਕ ਕਾਵਿ ਦੀਆਂ ਰਚਨਾ-ਜੁਗਤਾਂ ਅਤੇ ਸਿਰਜਣਾਤਮਕ ਪ੍ਰਭਾਵ ਨਾਲ ਸੰਵਾਦ ਰਚਾਉਂਦੀ ਹੈ ਅਤੇ ਇਕ ਪ੍ਰਯੋਗਸ਼ੀਲ ਤੇ ਵਿਲੱਖਣ ਕਾਵਿਧਾਰਾ ਦੇ ਰੂਪ ਵਿਚ ਪ੍ਰਵਾਹਿਤ ਹੁੰਦੀ ਹੈ।
         
                                                                     

2 comments: